‘ਯੂਥ ਅਗੇਂਸਟ ਡਰੱਗਜ਼’ ਮੁਹਿੰਮ ਦੇ ਵਲੰਟੀਅਰਜ਼ ਸਨਮਾਨਿਤ
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ
Publish Date: Wed, 07 Jan 2026 06:19 PM (IST)
Updated Date: Thu, 08 Jan 2026 04:06 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਮਨਜਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਮਿਸ. ਰਾਜਵਿੰਦਰ ਕੌਰ ਸਿਵਲ ਜੱਜ ਸੀਨੀਅਰ ਡਵੀਜ਼ਨ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ''ਯੂਥ ਅਗੇਂਸਟ ਡਰੱਗਜ਼'' ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਸੈਮੀਨਾਰ, ਜਾਗਰੂਕਤਾ ਰੈਲੀਆਂ, ਨੁੱਕੜ ਨਾਟਕਾਂ ਆਦਿ ਰਾਹੀਂ ਲੋਕਾਂ ਨੂੰ ਨਸ਼ੇ ਵਰਗੀ ਭੈੜੀ ਅਲਾਮਤ ਤੋਂ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਪਿੰਡ ਪਿੰਡ ਜਾ ਕੇ ਨਸ਼ੇ ਖ਼ਿਲਾਫ਼ ਜਾਗਰੂਤਾ ਸੈਮੀਨਾਰ ਲਗਾਏ ਗਏ। ਇਕ ਮਹੀਨਾ ਚੱਲੀ ਮੁਹਿੰਮ ਵਿਚ ਸੈਸ਼ਨਜ਼ ਜੱਜ ਮਨਜਿੰਦਰ ਸਿੰਘ ਨੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਆਸਰਾ ਲੋਕ ਸੇਵਾ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਤਰਸੇਮ ਸੇਮੀ ਵੱਲੋਂ ਦਿੱਤੇ ਗਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਮਨਜਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ, ਜਿਸ ਨਾਲ ਲੜਾਈ ਸਿਰਫ਼ ਕਾਨੂੰਨ ਨਾਲ ਨਹੀਂ, ਸਗੋਂ ਜਨ - ਭਾਗੀਦਾਰੀ ਨਾਲ ਹੀ ਜਿੱਤੀ ਜਾ ਸਕਦੀ ਹੈ। ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ “ਨਸ਼ਾ ਮੁਕਤ ਪੰਜਾਬ” ਮੁਹਿੰਮ ਤਹਿਤ ਪੈਰਾਲੀਗਲ ਵਲੰਟੀਅਰਾਂ ਵੱਲੋਂ ਕੀਤਾ ਜਾ ਰਿਹਾ ਕੰਮ ਕਾਬਲ ਏ ਤਾਰੀਫ਼ ਹੈ ਕਿਉਂਕਿ ਇਹ ਵਲੰਟੀਅਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਕਾਨੂੰਨੀ ਜਾਗਰੂਕਤਾ ਦੇ ਨਾਲ-ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾ ਰਹੇ ਹਨ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਪ੍ਰਿਯੰਕਾ, ਕਰਮਜੀਤ ਕੌਰ, ਬਹਾਦਰ ਖਾਨ, ਗੁਰਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ।