ਕਈ ਕਈ ਘੰਟੇ ਕਤਾਰਾਂ ’ਚ ਲੱਗਣ ਤੋਂ ਬਾਅਦ ਵੀ ਨਹੀਂ ਮਿਲਦਾ ਗੈਸ ਸਿਲੰਡਰ
ਪੰਜਾਬ ’ਚ ਗੈਸ ਸੰਕਟ ਹੋਰ ਵਧਦਾ ਜਾ ਰਿਹਾ ਹੈ
Publish Date: Thu, 19 Mar 2026 06:28 PM (IST)
Updated Date: Thu, 19 Mar 2026 06:31 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਪੰਜਾਬ ’ਚ ਗੈਸ ਸੰਕਟ ਹੋਰ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਗੈਸ ਏਜੰਸੀਆਂ ਦੇ ਬਾਹਰ ਸਿਲੰਡਰ ਲੈਣ ਲਈ ਤੜਕੇ ਹੀ ਲੋਕਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਕਈ ਕਈ ਘੰਟੇ ਕਤਾਰਾਂ ਵਿੱਚ ਲੱਗਣ ਬਾਅਦ ਉਨ੍ਹਾਂ ਦੀ ਵਾਰੀ ਆ ਰਹੀ ਹੈ ਅਤੇ ਕਈ ਥਾਵਾਂ ’ਤੇ ਲੋਕਾਂ ਨੂੰ ਖਾਲੀ ਹੱਥ ਹੀ ਪਰਤਣਾ ਪੈ ਰਿਹਾ ਹੈ। ਦੂਜੇ ਪਾਸੇ ਆਨਲਾਈਨ ਬੁਕਿੰਗ ਨਾ ਹੋਣ ਕਾਰਨ ਲੋਕਾਂ ਦੇ ਮਨਾਂ ਵਿੱਚ ਗੈਸ ਸਿਲੰਡਰ ਦੀ ਕਿੱਲਤ ਦਾ ਖ਼ਦਸ਼ਾ ਵਧ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਗੈਸ ਸਿਲੰਡਰ ਲਈ ਅਫ਼ਰਾ ਤਫ਼ਰੀ ਨਾ ਮਚਾਉਣ ਦੀ ਅਪੀਲ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਦਾਅਵਿਆਂ ਦੇ ਉਲਟ ਇਸ ਵੇਲੇ ਐੱਲਪੀਜੀ ਦੀ ਭਾਰੀ ਕਿੱਲਤ ਚੱਲ ਰਹੀ ਹੈ। ਬਰੇਟਾ ਗੈਸ ਏਜੰਸੀ ਬਾਹਰ ਲੋਕਾਂ ਦੀ ਭੀੜ ਦੱਸਦੀ ਹੈ ਕਿ ਧਰਾਤਲ ’ਤੇ ਸਥਿਤੀ ਇਸ ਵੇਲੇ ਕਿਹੋ ਜਿਹੀ ਹੈ। ਲੋਕ ਏਜੰਸੀ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨਾਂ ਵਿਚ ਲੱਗ ਜਾਂਦੇ ਹਨ ਤੇ ਕਈ ਵਾਰ ਲੰਬੀ ਉਡੀਕ ਮਗਰੋਂ ਨਿਰਾਸ਼ ਪਰਤਣਾ ਪੈਂਦਾ ਹੈ। ਲੋਕ ਕੰਮਕਾਰ ਛੱਡ ਕੇ ਸਿਲੰਡਰ ਲੈਣ ਲਈ ਘੰਟਿਆਂ ਬੱਧੀ ਲਾਈਨਾਂ ਖੜ੍ਹੇ ਹੋਣ ਲਈ ਮਜਬੂਰ ਹਨ। ਦੂਜੇ ਪਾਸੇ ਕੰਪਨੀਆਂ ਵੱਲੋਂ ਸਿਲੰਡਰ ਲੈਣ ਲਈ ਸ਼ਰਤਾਂ ਸਖ਼ਤ ਕਰ ਦਿੱਤੀਆਂ ਗਈਆਂ ਹਨ। 25 ਦਿਨ ਤੋਂ ਬਾਅਦ ਹੀ ਨਵਾਂ ਸਿਲੰਡਰ ਬੁੱਕ ਹੋ ਸਕਦਾ ਹੈ। ਡਲਿਵਰੀ ਕੋਡ ਬਿਨਾਂ ਸਿਲੰਡਰ ਨਹੀਂ ਦਿੱਤਾ ਜਾਂਦਾ। ਲੋੜ ਹੈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਇਸ ਕਿੱਲਤ ਨੂੰ ਨਪੇਰੇ ਚੜ੍ਹਾਉਣ ਦੀ।