ਸ਼ਾਮ 7 ਵਜੇ ਤੋਂ ਅਗਲੀ ਸਵੇਰ ਦੇ 6 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ ਦੇ ਹੁਕਮ
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ, ਆਈਏਐੱਸ
Publish Date: Thu, 02 Apr 2026 07:39 PM (IST)
Updated Date: Thu, 02 Apr 2026 07:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਵਿਚ ਰਾਤ ਸਮੇਂ ਸ਼ਾਮ 7 ਵਜੇ ਤੋਂ ਅਗਲੀ ਸਵੇਰ 6 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਕਣਕ ਦੀ ਕਟਾਈ ਦਾ ਸੀਜ਼ਨ ਸਾਲ 2026 ਸ਼ੁਰੂ ਹੋਣ ਵਾਲਾ ਹੈ। ਕਣਕ ਦੀ ਫ਼ਸਲ ਦੀ ਕਟਾਈ ਆਮ ਤੌਰ ’ਤੇ ਕਿਸਾਨ ਵੱਲੋਂ ਕੰਬਾਈਨਾਂ ਨਾਲ ਕਰਵਾਈ ਜਾਂਦੀ ਹੈ। ਕਈ ਵਾਰ ਕਣਕ ਦੀ ਕਟਾਈ ਲਈ ਦਿਨ-ਰਾਤ ਕੰਬਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਬਾਈਨਾਂ, ਜੋ ਕਣਕ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਵੀ ਕੱਟ ਦਿੰਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਕੰਬਾਈਨਾਂ ਸੜਕ ਰਾਹੀਂ ਖੇਤਾਂ ਵਿਚ ਜਾਂਦੀਆਂ ਹਨ, ਜਿਸ ਕਰ ਕੇ ਆਮ ਟ੍ਰੈਫ਼ਿਕ ਵਿਚ ਕਾਫ਼ੀ ਵਿਘਨ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਰਾਤ ਦਾ ਹਨ੍ਹੇਰਾ ਹੋਣ ਕਰ ਕੇ ਕੰਬਾਈਨਾਂ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਟਕਰਾ ਜਾਂਦੀਆਂ ਹਨ ਤੇ ਸ਼ਾਰਟ ਸਰਕਟ ਹੋਣ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਨਮੀ ਹੋਣ ਕਾਰਨ ਕਣਕ ਸੁੱਕੀ ਨਹੀਂ ਹੁੰਦੀ ਅਤੇ ਨਮੀ ਵਾਲੀ ਕਣਕ ਦੀ ਨਿਲਾਮੀ ਹੋਣ ਵਿਚ ਦੇਰੀ ਹੋ ਜਾਂਦੀ ਹੈ ਜਿਸ ਕਰ ਕੇ ਕਿਸਾਨਾਂ ਨੂੰ ਕਈ-ਕਈ ਦਿਨ ਮੰਡੀਆਂ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਲਈ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਤ ਸਮੇਂ ਕੰਬਾਈਨਾਂ ਚਲਾਉਣ ’ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ ਇਹ ਹੁਕਮ 31 ਮਈ ਤੱਕ ਲਾਗੂ ਰਹੇਗਾ।