ਸ਼ਾਮ 7 ਤੋਂ ਅਗਲੀ ਸਵੇਰ 6 ਵਜੇ ਤੱਕ ਕੰਬਾਈਨਾਂ ਚਲਾਉਣ 'ਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ, ਆਈ.ਏ.ਐੱਸ.
Publish Date: Wed, 01 Apr 2026 06:31 PM (IST)
Updated Date: Thu, 02 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ, ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ’ਚ ਰਾਤ ਸਮੇਂ ਸ਼ਾਮ 7 ਵਜੇ ਤੋਂ ਅਗਲੀ ਸਵੇਰ 6 ਵਜੇ ਤਕ ਕੰਬਾਈਨਾਂ ਚਲਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ’ਚ ਕਿਹਾ ਕਿ ਕਣਕ ਦੀ ਕਟਾਈ ਦਾ ਸੀਜ਼ਨ ਸਾਲ 2026 ਸ਼ੁਰੂ ਹੋਣ ਵਾਲਾ ਹੈ। ਕਣਕ ਦੀ ਕਟਾਈ ਆਮ ਤੌਰ 'ਤੇ ਕਿਸਾਨ ਵੱਲੋਂ ਕੰਬਾਈਨਾਂ ਨਾਲ ਕਰਵਾਈ ਜਾਂਦੀ ਹੈ। ਕਈ ਵਾਰ ਕਣਕ ਦੀ ਕਟਾਈ ਲਈ ਦਿਨ ਰਾਤ ਕੰਬਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਬਾਈਨਾਂ, ਜੋ ਕਣਕ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਵੀ ਕੱਟ ਦਿੰਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੁੰਦਾ ਹੈ। ਕੰਬਾਈਨਾਂ ਸੜਕ ਰਾਹੀਂ ਖੇਤਾਂ ਵਿਚ ਜਾਂਦੀਆਂ ਹਨ ਜਿਸ ਕਰਕੇ ਆਮ ਟਰੈਫਿਕ ਵਿਚ ਕਾਫੀ ਵਿਘਨ ਪੈਂਦਾ ਹੈ ਤੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਰਾਤ ਦਾ ਹਨ੍ਹੇਰਾ ਹੋਣ ਕਰਕੇ ਕੰਬਾਈਨਾਂ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਟਕਰਾ ਜਾਂਦੀਆਂ ਹਨ ਤੇ ਸ਼ਾਰਟ ਸਰਕਟ ਹੋਣ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਰਾਤ ਨੂੰ ਨਮੀ ਹੋਣ ਕਾਰਨ ਕਣਕ ਸੁੱਕੀ ਨਹੀਂ ਹੁੰਦੀ ਤੇ ਨਮੀ ਵਾਲੀ ਕਣਕ ਦੀ ਨਿਲਾਮੀ ਹੋਣ ਵਿਚ ਦੇਰੀ ਹੋ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਕਈ ਕਈ ਦਿਨ ਮੰਡੀਆਂ ’ਚ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਲਈ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਤ ਸਮੇਂ ਕੰਬਾਇਨਾਂ ਚਲਾਉਣ 'ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ ਇਹ ਹੁਕਮ 31 ਮਈ, 2026 ਤੱਕ ਲਾਗੂ ਰਹੇਗਾ।