ਜੀ ਰਾਮ ਜੀ ਸਕੀਮ ’ਤੇ ਵਿਰੋਧੀ ਕਰ ਰਹੇ ਨੇ ਕੂੜ ਪ੍ਰਚਾਰ : ਨਕੱਈ
ਮਨਰੇਗਾ ਸਕੀਮ ਦਾ ਨਾਮ ਬਦਲ ਕੇ ਕੇਂਦਰ
Publish Date: Thu, 08 Jan 2026 06:47 PM (IST)
Updated Date: Thu, 08 Jan 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਨਰੇਗਾ ਸਕੀਮ ਦਾ ਨਾਮ ਬਦਲ ਕੇ ਕੇਂਦਰ ਸਰਕਾਰ ਨੇ ਰੁਜ਼ਗਾਰ ਗਾਰੰਟੀ ਦੇ ਦਿਨ ਵਧਾਏ ਹਨ। ਮਜ਼ਦੂਰਾਂ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਸਹੂਲਤਾਂ ਦਿੱਤੀਆਂ ਹਨ। ਪਹਿਲਾਂ 100 ਦਿਨ ਦੀ ਗਾਰੰਟੀ ਦਾ ਰੁਜ਼ਗਾਰ ਮਨਰੇਗਾ ਸਕੀਮ ਅਧੀਨ ਸੀ, ਹੁਣ 125 ਦਿਨ ਕਰ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਜਾਣਬੁੱਝ ਕੇ ਕੇਂਦਰ ਸਰਕਾਰ ਨੂੰ ਬਦਨਾਮ ਕਰ ਕੇ ਰੌਲਾ ਪਾ ਰਹੀਆਂ ਹਨ ਕਿ ਮਨਰੇਗਾ ਖ਼ਤਮ ਕਰ ਦਿੱਤੀ ਗਈ ਹੈ ਪਰ ਉਹ ਜੀ ਰਾਮ ਜੀ ਮਨਰੇਗਾ ਸਕੀਮ ਤੋਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਬਲਕਿ ਮਨਰੇਗਾ ਦਾ ਕੇਂਦਰ ਸਰਕਾਰ ਨੇ ਹੋਰ ਵਿਸਥਾਰ ਕੀਤਾ ਹੈ, ਜਿਸ ਵਿੱਚੋਂ ਮਜ਼ਦੂਰਾਂ ਦੀ ਦਿਹਾੜੀ ਵੀ ਵਧਾਈ ਗਈ ਹੈ ਅਤੇ ਮੰਗਣ ’ਤੇ ਉਨ੍ਹਾਂ ਨੂੰ ਹੋਰ ਰੁਜ਼ਗਾਰ ਵੀ ਮਿਲੇਗਾ। ਹੁਣ ਮਜ਼ਦੂਰ ਵਿਹਲੇ ਨਹੀਂ ਬੈਠਣਗੇ। ਨਕੱਈ ਨੇ ਕਿਹਾ ਕਿ ਜੀ ਰਾਮ ਜੀ ਯੋਜਨਾ ਪੂਰੀ ਤਰ੍ਹਾਂ ਦੇਸ਼, ਗਰੀਬ ਅਤੇ ਮਜ਼ਦੂਰ ਦੇ ਹੱਕ ਵਿੱਚ ਹੈ। ਇਹ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਅਤੇ ਅਫ਼ਵਾਹਾਂ ਵਿੱਚ ਲੋਕ ਨਾ ਆਉਣ। ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਹ ਸਕੀਮ ਨੂੰ ਹੋਰ ਵਧੀਆ ਤਰੀਕੇ ਨਾਲ ਲਾਗੂ ਕਰ ਰਹੀ ਹੈ। ਕੇਂਦਰ ਨੂੰ ਭੰਡਣ ਲਈ ਇਹ ਪ੍ਰਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ਅਤੇ ਮਜ਼ਦੂਰਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਦੇਣ ਲਈ ਭਾਜਪਾ ਪੰਜਾਬ ਵੱਲੋਂ ਯੋਜਨਾ ਵਿੱਢੀ ਗਈ ਹੈ। ਇਹ ਯੋਜਨਾ ਹਰ ਪਿੰਡ ਤਕ ਭਾਜਪਾ ਆਗੂ ਅਤੇ ਵਰਕਰ ਲੈ ਕੇ ਜਾਣਗੇ। ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਤੋਂ ਸਾਵਧਾਨ ਰਹਿਣ। ਹੁਣ ਉਹ ਵਿਧਾਨ ਸਭਾ ਚੋਣਾਂ 2027 ਨੂੰ ਦੇਖਦੇ ਹੋਏ ਉਨ੍ਹਾਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਕੂੜ ਪ੍ਰਚਾਰ ਕਰ ਰਹੇ ਹਨ। ਉਹ ਜੀ ਰਾਮ ਜੀ ਸਕੀਮ ਤੋਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹਰ ਵਰਗ ਪੱਖੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਤੀਸਰੀ ਵਾਰ ਲਗਾਤਾਰ ਭਾਜਪਾ ਦੀ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਵਾਰ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਣਾ ਲੈਣ, ਪੰਜਾਬ ਦਾ ਜੋ ਵਿਕਾਸ 70 ਸਾਲਾਂ ਵਿੱਚ ਨਹੀਂ ਹੋਇਆ, ਉਹ ਭਾਜਪਾ ਸਰਕਾਰ 5 ਸਾਲਾਂ ਵਿੱਚ ਕਰ ਦਿਖਾਵੇਗੀ।