ਕੇਵੀਕੇ ਮਾਨਸਾ ਵੱਲੋਂ ਤੇਲ ਬੀਜਾਂ ਦੀ ਖੇਤੀ ਬਾਰੇ ਦਿੱਤੀ ਇਕ ਦਿਨਾ ਸਿਖਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ
Publish Date: Wed, 14 Jan 2026 06:35 PM (IST)
Updated Date: Thu, 15 Jan 2026 04:07 AM (IST)
-ਸਰ੍ਹੋਂ ਵਰਗੇ ਤੇਲ ਬੀਜਾਂ ਵਿਚ ਮੁੱਲ ਵਾਧੇ ਦੀ ਮਹੱਤਤਾ 'ਤੇ ਦਿੱਤਾ ਜ਼ੋਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਮਾਨਸਾ ਨੇ ਖਾਣ ਵਾਲੇ ਤੇਲ ਬੀਜਾਂ ਦੇ ਰਾਸ਼ਟਰੀ ਮਿਸ਼ਨ ਅਧੀਨ ਹਾੜ੍ਹੀ ਦੀਆਂ ਤੇਲ ਬੀਜ ਫ਼ਸਲਾਂ ਦੀ ਖੇਤੀ ਬਾਰੇ ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ। ਇਹ ਸਿਖਲਾਈ ਪਿੰਡ ਖਿਆਲੀ ਚਹਿਲਾਂਵਾਲੀ ਵਿੱਚ ਕੀਤੀ ਗਈ।
ਪ੍ਰੋਗਰਾਮ ਦਾ ਮਕਸਦ ਕਿਸਾਨਾਂ ਲਈ ਉੱਨਤ ਗਿਆਨ ਤੇ ਹੁਨਰ ਸੀ ਤਾਂ ਜੋ ਉਤਪਾਦਕਤਾ ਵਧਾਈ ਜਾ ਸਕੇ। ਕੀੜੇਮਾਰ ਅਤੇ ਖਾਦ ਪ੍ਰਬੰਧਨ ਵਧੀਆ ਢੰਗ ਨਾਲ ਕੀਤਾ ਜਾ ਸਕੇ ਅਤੇ ਮੁੱਲ ਵਾਧੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਜੋ ਭਾਰਤ ਦੀ ਖਾਣਯੋਗ ਤੇਲਾਂ ਦੀ ਆਯਾਤ ਨਿਰਭਰਤਾ ਘਟਾਈ ਜਾ ਸਕੇ। ਡਾ. ਅਜੀਤਪਾਲ ਸਿੰਘ, ਐਸੋਸੀਏਟ ਡਾਇਰੈਕਟਰ, ਕੇਵੀਕੇ ਮਾਨਸਾ ਨੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਸੈਸ਼ਨ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਜ਼ਿਲ੍ਹੇ ਵਿੱਚ ਕੇਵੀਕੇ ਮਾਨਸਾ ਦੀਆਂ ਚੱਲ ਰਹੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਰ੍ਹੋਂ ਵਰਗੇ ਤੇਲ ਬੀਜਾਂ ਵਿੱਚ ਮੁੱਲ ਵਾਧੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਮਾਡਲਾਂ ਦਾ ਹਵਾਲਾ ਦਿੱਤਾ ਜਿੱਥੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਨਾਲ ਕਿਸਾਨ ਵਧੇਰੇ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਏਕੀਕ੍ਰਿਤ ਪਹੁੰਚ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਟਿਕਾਊ ਆਮਦਨ ਅਤੇ ਰਾਸ਼ਟਰੀ ਖਾਣਯੋਗ ਤੇਲਾਂ ਵਿੱਚ ਸਵੈ-ਨਿਰਭਰਤਾ ਹਾਸਲ ਕੀਤੀ ਜਾ ਸਕੇ।
ਡਾ. ਰਣਵੀਰ, ਅਸਿਸਟੈਂਟ ਪ੍ਰੋਫੈਸਰ (ਪੌਦਾ ਰੋਗ ਵਿਗਿਆਨ) ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਏਕੀਕ੍ਰਿਤ ਕੀੜੇ ਪ੍ਰਬੰਧਨ ਰਣਨੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਵਿਚ ਸਿਫਾਰਸ਼ੀ ਕੀਟਨਾਸ਼ਕਾਂ ਦੀ ਸਮੇਂ ਸਿਰ ਵਰਤੋਂ ਸ਼ਾਮਲ ਹਨ ਤਾਂ ਜੋ ਸਰ੍ਹੋਂ ਅਤੇ ਹੋਰ ਤੇਲਬੀਜਾਂ ਨੂੰ ਕੀੜਿਆਂ ਤੋਂ ਬਚਾਇਆ ਜਾ ਸਕੇ ਅਤੇ ਪ੍ਰਦਰਸ਼ਨੀ ਪਲਾਟਾਂ ਤੇ ਕਿਸਾਨਾਂ ਦੇ ਖੇਤਾਂ ਵਿੱਚ ਘੱਟੋ-ਘੱਟ ਨੁਕਸਾਨ ਹੋਵੇ। ਡਾ. ਤੇਜਪਾਲ ਸਿੰਘ ਸਰਾਂ, ਅਸਿਸਟੈਂਟ ਪ੍ਰੋਫੈਸਰ (ਬਾਗਬਾਨੀ) ਨੇ ਤੇਲ ਬੀਜਾਂ ਵਿਚ ਸਹੀ ਖਾਦ ਪ੍ਰਬੰਧਨ 'ਤੇ ਧਿਆਨ ਕੇਂਦਰਿਤ ਕੀਤਾ ਤਾਂ ਜੋ ਸੰਤੁਲਿਤ ਪੌਸ਼ਟਿਕ ਤੱਤਾਂ ਦੀ ਸਪਲਾਈ, ਵਧੀਆ ਜੜ੍ਹਾਂ ਦਾ ਵਿਕਾਸ ਅਤੇ ਵਧੇਰੇ ਝਾੜ ਹਾਸਲ ਕੀਤਾ ਜਾ ਸਕੇ। ਉਨ੍ਹਾਂ ਮਿੱਟੀ ਟੈਸਟਿੰਗ ਅਧਾਰਿਤ ਖਾਦ ਵਰਤੋਂ ਤੇ ਲਘੂ ਤੱਤਾਂ ਦੀ ਵਰਤੋਂ ਬਾਰੇ ਵਿਹਾਰਕ ਸੁਝਾਅ ਸਾਂਝੇ ਕੀਤੇ, ਨਾਲ ਹੀ ਉਨ੍ਹਾਂ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਸਬਜ਼ੀ ਦੀ ਖੇਤੀ ਲਈ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਗਰੁੱਪ ਚਰਚਾਵਾਂ, ਸਵਾਲ-ਜਵਾਬ ਸੈਸ਼ਨ ਦੇ ਨਾਲ-ਨਾਲ ਤੇਲਬੀਜ ਦੀ ਖੇਤੀ, ਕੀੜ ਪ੍ਰਬੰਧਨ ਅਤੇ ਖਾਦ ਪ੍ਰਬੰਧਨ ਬਾਰੇ ਖੇਤੀਬਾੜੀ ਸਾਹਿਤ ਵੀ ਵੰਡਿਆ ਗਿਆ।