ਦਫ਼ਤਰ ਰਿਜ਼ਨਲ ਟਰਾਂਸਪੋਰਟ ਅਫ਼ਸਰ ਅੱਗੇ ਬੀਕੇਯੂ ਡਕੌਂਦਾ ਨੇ ਦਿੱਤਾ ਧਰਨਾ
ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ
Publish Date: Fri, 09 Jan 2026 05:55 PM (IST)
Updated Date: Fri, 09 Jan 2026 05:57 PM (IST)
- ਦਫਤਰੀ ਕਾਗਜ਼ ਕਾਰਵਾਈ ਕਾਰਨ ਭਟਕ ਰਹੇ ਲੋਕਾਂ ਦੇ ਫ਼ੌਰੀ ਤੌਰ ’ਤੇ ਕਰਵਾਏ ਕੰਮ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਵਿਖੇ ਦਫ਼ਤਰੀ ਕੰਮ ਕਾਰ ਆਉਣ ਵਾਲੇ ਲੋਕ ਭਟਕ ਰਹੇ ਹਨ। ਪਰ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਇਸ ਲਈ ਬੀਕੇਯੂ ਡਕੌਂਦਾ ਦੇ ਆਗੂਆਂ ਤੇ ਵਰਕਰਾਂ ਨੇ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਦੇ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਆਮ ਲੋਕ ਆਉਂਦੇ ਹਨ ਤਾਂ ਡਰਾਈਵਰੀ ਲਾਇਸੈਂਸ, ਨੰਬਰ ਪਲੇਟਾਂ ਅਤੇ ਹੋਰ ਚਾਲਾਨਾਂ ਸਬੰਧੀ ਖੱਜਲ-ਖੁਆਰ ਹੁੰਦੇ ਹਨ ਅਤੇ ਕਾਊਂਟਰਾਂ ਤੇ ਲਗਾਏ ਹੋਏ ਨੰਬਰ ਵੀ ਨਹੀਂ ਚੁੱਕੇ ਜਾਂਦੇ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਨਲਾਈਨ ਰਾਹੀਂ ਕੰਮ ਜ਼ਿਆਦਾ ਹੋਣ ਦੇ ਦਾਅਵੇ ਕਰ ਰਹੀ ਹੈ, ਪਰ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਰਹੀ ਹੈ। ਜਿੱਥੇ ਰਿਸ਼ਵਤ ਖੋਰੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉੱਥੇ ਹੀ ਪ੍ਰਾਈਵੇਟ ਡੀਲਰ ਵਿਅਕਤੀ ਲੁੱਟ ਕਰ ਰਹੇ ਹਨ। ਦਫ਼ਤਰਾਂ ਵਿੱਚ ਜਦੋਂ ਮੁਲਾਜ਼ਮ ਨਹੀਂ ਮਿਲਦੇ ਤਾਂ ਫ਼ਿਰ ਲੋਕਾਂ ਨੂੰ ਪ੍ਰਾਈਵੇਟ ਦਫ਼ਤਰਾਂ ਵਿੱਚ ਜਾ ਕੇ ਕੰਮ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਪਾਲ ਕੌਰ, ਜਨਰਲ ਸਕੱਤਰ ਜਗਜੀਤ ਸਿੰਘ, ਰਾਜਪਾਲ ਸਿੰਘ ਅਲੀ ਸ਼ੇਰ ਆਦਿ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਵਿੱਖ ’ਚ ਨਹੀਂ ਆਵੇਗੀ ਅਜਿਹੀ ਸਮੱਸਿਆ : ਏਟੀਓ ਅੰਕੁਸ਼ ਗੋਇਲ
ਏਟੀਓ ਅੰਕੁਸ਼ ਗੋਇਲ ਨੇ ਦੱਸਿਆ ਕਿ ਦਫ਼ਤਰ ’ਚ ਕੰਮ ਹਰ ਕਿਸੇ ਦੇ ਹੋ ਰਹੇ ਹਨ, ਪਰ ਕੁੱਝ ਵਿਅਕਤੀਆਂ ਦੇ ਕੰਮ ਪੈਂਡਿੰਗ ਸਨ। ਉਹ ਇਸ ਲਈ ਰਹਿ ਗਏ ਕਿਉਂਕਿ ਕੁਝ ਮੁਲਾਜ਼ਮਾਂ ਦੀਆਂ ਕੋਰਟ ਵਿੱਚ ਹਾਜ਼ਰੀਆਂ ਲੱਗਦੀਆਂ ਹਨ। ਕਿਸੇ ਦਫ਼ਤਰੀ ਕੰਮ ਕਾਰ ਲਈ ਜਾਂਦੇ ਹਨ। ਇਸ ਲਈ ਉਨ੍ਹਾਂ ਅਫ਼ਸੋਸ ਜਾਹਿਰ ਕੀਤਾ ਅਤੇ ਇਸ ਵਿੱਚ ਸੁਧਾਰ ਲਿਆਉਣ ਦੀ ਗੱਲ ਕਹੀ। ਕਿਸੇ ਵੀ ਤਰ੍ਹਾਂ ਦੀ ਭਵਿੱਖ ’ਚ ਸਮੱਸਿਆ ਨਾ ਆਉਣ ਦਾ ਵਾਅਦਾ ਕੀਤਾ। ਕੁਝ ਪੈਂਡਿੰਗ ਪਏ ਕੰਮ ਮੌਕੇ ਤੇ ਹੀ ਕੀਤੇ ਗਏ।