- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵੱਲੋਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵੱਲੋਂ ਯੂਥ ਲਾਇਬ੍ਰੇਰੀ ਅੰਬੇਡਕਰ ਭਵਨ ਮਾਨਸਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਮਾਤ ਭਾਸ਼ਾ ਪੰਜਾਬੀ ’ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਜ਼ਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐੱਸ ਨੇ ਕੀਤੀ। ਸਮਾਗਮ ’ਚ ਡਾ. ਗੁਰਪ੍ਰੀਤ ਕੌਰ ਮੁਖੀ ਹਿਉਮੈਨਟੀਜ਼ ਤੇ ਭਾਸ਼ਾਵਾਂ ਵਿਭਾਗ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਸ਼ੇਸ਼ ਮਹਿਮਾਨ ਵਜੋਂ ਤੇ ਡਾ. ਸੋਮੀ ਰਾਮ ਸਹਾਇਕ ਪ੍ਰੋਫ਼ੈਸਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਭਾਸ਼ਣ ਕਰਤਾ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਤੇਜਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਲਾਜ਼ਮੀ ਤੌਰ ’ਤੇ ਲਾਗੂ ਕਰਨ ਦੀ ਗੱਲ ਕਹੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੀਆਂ ਹਦਾਇਤਾਂ ਅਤੇ ਰਾਜ ਭਾਸ਼ਾ ਐਕਟਾਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਮੁੱਖ ਭਾਸ਼ਣ ਕਰਤਾ ਡਾ. ਸੋਮੀ ਰਾਮ ਨੇ ਆਪਣੇ ਭਾਸ਼ਣ ਵਿੱਚ ਮਾਂ ਬੋਲੀ ਦੀ ਲੋੜ ਤੇ ਮਹੱਤਵ ਬਾਰੇ ਆਖਿਆ ਕਿ ਮਨੁੱਖ ਸਰੀਰ ਤੋਂ ਵੱਧ ਸ਼ਬਦ-ਰੂਪ ਹੈ, ਜੋ ਬਹੁਤ ਹੀ ਸੂਖ਼ਮ ਹੈ। ਸਾਡਾ ਆਲਾ-ਦੁਆਲਾ ਅਤੇ ਸਾਰਾ ਵਿਕਾਸ ਸ਼ਬਦ ਕਰਕੇ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਨ ਦੀ ਬਜਾਏ ਇਸਦਾ ਸਤਿਕਾਰ ਕਰਨਾ ਬਣਦਾ ਹੈ।
ਬੋਲੀ ਸਿਰਫ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ, ਸਗੋਂ ਇਹ ਸੱਭਿਆਚਾਰਕ, ਸੰਸਕ੍ਰਿਤਕ ਵਿਰਾਸਤ ਹੁੰਦੀ ਹੈ। ਬੋਲੀ ਦੇ ਮਰਨ ਨਾਲ ਸਿਰਫ ਬੋਲੀ ਨਹੀਂ ਮਰਦੀ ਸਗੋਂ ਉੱਥੋਂ ਦਾ ਸੱਭਿਆਚਾਰ, ਸੁਪਨੇ, ਯਾਦਾਂ, ਕਾਰ-ਵਿਹਾਰ ਅਤੇ ਕਿੱਤੇ ਵੀ ਮਰ ਜਾਂਦੇ ਹਨ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸਮੂਹ ਦਫ਼ਤਰਾਂ ਨੂੰ ਆਪਣਾ ਦਫ਼ਤਰੀ ਕੰਮ ਮਾਤ ਭਾਸ਼ਾ ਪੰਜਾਬੀ ਵਿੱਚ ਕਰਨ ਦੀ ਲੋੜ ਨੂੰ ਤਰਜੀਹ ਦਿੰਦੇ ਹੋਏ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਂ ਬੋਲੀ ਹੀ ਅਜਿਹੀ ਬੋਲੀ ਹੈ, ਜਿਸਨੂੰ ਸਿੱਖਣ ਲਈ ਸਾਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਨੂੰ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਤੇ ਬੋਲਣੀਆਂ ਚਾਹੀਂਦੀਆਂ ਹਨ, ਪਰ ਆਪਣੀ ਮਾਤ ਭਾਸ਼ਾ ਤੋਂ ਬੇਮੁੱਖ ਨਹੀਂ ਹੋਣਾ ਚਾਹੀਂਦਾ। ਐੱਸਡੀਐੱਮ ਕਾਲਾ ਰਾਮ ਨੇ ਕਿਹਾ ਕਿ ਮਾਂ ਬੋਲੀ ਵਿੱਚ ਮਾਹਰ ਹੋਣ ਨਾਲ ਹੀ ਅਸੀਂ ਦੂਜੀਆਂ ਭਾਸ਼ਾਵਾਂ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ। ਅੱਜ ਜਦੋਂ ਬੱਚਿਆਂ ਨੂੰ ਅਸੀਂ ਇੱਕੋ ਵੇਲੇ ਵੱਖ-ਵੱਖ ਭਾਸ਼ਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹ ਕਿਸੇ ਇਕ ਭਾਸ਼ਾ ਨੂੰ ਵੀ ਚੰਗੀ ਤਰ੍ਹਾਂ ਨਹੀ ਸਿਖ ਪਾਉਂਦੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵੀ ਰੁਜ਼ਗਾਰ ਦੀ ਭਾਸ਼ਾ ਹੈ। ਇਹ ਗੱਲ ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਸਮਾਗਮ ਮੌਕੇ ਵਿਭਾਗ ਵੱਲੋਂ ਬਹੁਮੁੱਲੇ ਵਿਭਾਗੀ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ। ਇਸ ਸਮਾਗਮ ਵਿੱਚ ਅਸ਼ੋਕ ਬਾਂਸਲ ਮਾਨਸਾ, ਦਰਸ਼ਨ ਜੋਗਾ, ਬਲਵਿੰਦਰ ਧਾਲੀਵਾਲ, ਲਖਵਿੰਦਰ ਮੂਸਾ, ਪਰਾਗ ਰਾਜ, ਬਿੱਕਰ ਮਘਾਣੀਆਂ, ਪਵਨ ਸ਼੍ਰੀਧਰ, ਆਪ ਆਗੂ ਪਰਮਜੀਤ ਕੌਰ ਤੇ ਲਾਇਬ੍ਰੇਰੀ ਵਿੱਚ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਵੀ ਸ਼ਾਮਿਲ ਸਨ।