ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਪਣਾਈ ਜਾਵੇ
ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਸਗੋਂ ਹੋਰ ਮਸਲੇ
Publish Date: Sun, 22 Mar 2026 07:34 PM (IST)
Updated Date: Mon, 23 Mar 2026 04:14 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਸਗੋਂ ਹੋਰ ਮਸਲੇ ਪੈਦਾ ਕਰਦੀ ਹੈ, ਜੋ ਦਹਾਕਿਆਂ ਤੱਕ ਮਨੁੱਖੀ ਵਿਕਾਸ ਲਈ ਸ਼ਰਾਪ ਬਣ ਜਾਂਦੇ ਹਨ। ਖਾੜੀ ਦੀ ਮੌਜੂਦਾ ਜੰਗ ਅਮਰੀਕਾ ਅਤੇ ਇਸਰਾਈਲ ਦੀ ਲਾਲਸਾ ਦਾ ਨਤੀਜਾ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਲਈ ਸ਼ਹੀਦ ਭਗਤ ਸਿੰਘ ਦੀ ਮਨੁੱਖਤਾ ਨੂੰ ਪਿਆਰ ਕਰਨ ਦੀ ਵਿਚਾਰਧਾਰਾ ਹੀ ਬਰਾਬਰੀ ਵਾਲ਼ਾ ਸਮਾਜ ਸਿਰਜ ਸਕਦੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਦੁਰਗਾ ਮੰਦਰ ਧਰਮਸ਼ਾਲਾ ਵਿਖੇ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਬਰੇਟਾ ਦੀ ਮਾਸਿਕ ਮੀਟਿੰਗ ਵਿੱਚ ਬੁਲਾਰਿਆਂ ਨੇ ਕੀਤਾ। ਪ੍ਰਧਾਨ ਮੇਲਾ ਸਿੰਘ ਨੇ ਸਵਾਗਤੀ ਭਾਸ਼ਣ ਵਿੱਚ ਹਾਜ਼ਰ ਮੈਂਬਰਾਂ ਨੂੰ ਵਿਚਾਰ ਚਰਚਾ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਦਾ ਸੱਦਾ ਦਿੱਤਾ। ਅੱਜ ਦੀ ਮੀਟਿੰਗ ਵਿੱਚ ਨਵੇਂ ਮੈਂਬਰਾਂ ਦੇ ਨਾਲ ਨਾਲ ਵੱਡੀ ਗਿਣਤੀ ਸਾਥੀ ਹਾਜ਼ਰ ਹੋਏ। ਡਾ. ਭਾਵਾਨੀ ਸ਼ੰਕਰ ਗਰਗ ਨੇ ਜੰਗ ਨਾਲ਼ ਸਿਹਤ ਸਮੱਸਿਆਵਾਂ ਪੈਦਾ ਹੋਣ ਸਬੰਧੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਵੱਡੀ ਉਮਰ ਵਿੱਚ ਸਿਹਤ ਸੰਭਾਲ ਬਾਰੇ ਸੁਝਾਅ ਦਿੱਤੇ। ਕ੍ਰਿਸ਼ਨ ਰੰਘੜਿਆਲ ਅਤੇ ਦਰਸ਼ਨ ਸਿੰਘ ਬਰੇਟਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਚਰਚਾ ਕੀਤੀ। ਦਸੌਂਧਾ ਸਿੰਘ ਬਹਾਦਰਪੁਰ, ਸੱਤ ਪ੍ਰਕਾਸ਼ ਸ਼ਰਮਾ ਅਤੇ ਜਰਨੈਲ ਸਿੰਘ ਬਰੇਟਾ ਨੇ ਸਮਾਜਿਕ ਅਤੇ ਜਥੇਬੰਦਕ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ। ਸਭਾ ਦੀ ਮੈਂਬਰ ਬੀਬੀ ਬਲਵੀਰ ਕੌਰ ਨੇ ਔਰਤ ਮੈਂਬਰਾਂ ਦੀ ਹਾਜ਼ਰੀ ਵਧਾਉਣ ਲਈ ਜ਼ੋਰਦਾਰ ਮੁਹਿੰਮ ਚਲਾਉਣ ਲਈ ਆਪਣੀਆਂ ਸੇਵਾਵਾਂ ਵੱਧ ਚੜ੍ਹ ਕੇ ਦੇਣ ਦੀ ਪੇਸ਼ਕਸ਼ ਕੀਤੀ। ਮਿਲਖ ਰਾਜ ਕੁਲਰੀਆਂ ਨੇ ਸੂਫ਼ੀ ਸ਼ਾਇਰੀ ਨਾਲ਼ ਰੰਗ ਬੰਨ੍ਹਿਆ। ਇਸ ਮਹੀਨੇ ਜਨਮ ਦਿਨ ਵਾਲ਼ੇ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਜੱਥੇਬੰਦੀ ਵੱਲੋਂ ਹੈਂਡ ਬੈਗ ਭੇਂਟ ਕੀਤੇ ਗਏ। ਅੰਤ ਵਿੱਚ ਉੱਪ ਪ੍ਰਧਾਨ ਜੋਹਰੀ ਲਾਲ ਨੇ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ।