ਨਿਧਾ ਖਾਂ ਦੀ ਸੁਰੀਲੀ ਗਾਇਕੀ ਦੇ ਨਾਮ ਰਹੀ ਸਰਸ ਮੇਲੇ ਦੀ ਸ਼ਾਮ
ਮਾਨਸਾ ਦੀ ਅਨਾਜ ਮੰਡੀ ਵਿਖੇ ਸਜੇ ‘ਸਰਸ ਮੇਲੇ’ ਦੀ
Publish Date: Sat, 14 Mar 2026 05:56 PM (IST)
Updated Date: Sun, 15 Mar 2026 04:09 AM (IST)

-‘ਪਾਣੀ ਤੇ ਸੁਨੇਹੇ’ ਗੀਤ ਨੇ ਸਰੋਤਿਆਂ ਨੂੰ ਕੀਤਾ ਮੰਤਰ-ਮੁਗਧ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੀ ਦਾਣਾ ਮੰਡੀ ਵਿਖੇ ਸਜੇ ‘ਸਰਸ ਮੇਲੇ’ ਦੀ ਪਹਿਲੀ ਸੱਭਿਆਚਾਰਕ ਸ਼ਾਮ ਉਸ ਵੇਲੇ ਸੰਗੀਤਮਈ ਹੋ ਗਈ, ਜਦੋਂ ਲੋਕ ਗੀਤਾਂ ਦੀ ਰਾਜ ਪੱਧਰੀ ਗੋਲਡ ਮੈਡਲਿਸਟ ਅਤੇ ਉਭਰਦੀ ਗਾਇਕਾ ਨਿਧਾ ਖਾਂ ਨੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਿਆ। ਨਿਧਾ ਖਾਂ ਨੇ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਪਾਣੀ ਤੇ ਸੁਨੇਹੇ ਰਾਹੀਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ 6 ਮਾਰਚ ਨੂੰ ਰਿਲੀਜ਼ ਹੋਏ ਇਸ ਖੂਬਸੂਰਤ ਗੀਤ ਨੂੰ ਮਾਨਸਾ ਦੇ ਹੀ ਨੌਜਵਾਨ ਗੀਤਕਾਰ ਸੁਖਵਿੰਦਰ ਰਾਜ ਨੇ ਕਲਮਬੱਧ ਕੀਤਾ ਹੈ, ਜਿਸ ਨੂੰ ਐਸ.ਡੀ. ਕੰਨਿਆ ਮਹਾਂ ਵਿਦਿਆਲਿਆ ਦੀ ਸੰਗੀਤ ਅਧਿਆਪਕਾ ਡਾ. ਪਰਮਿੰਦਰ ਕੌਰ ਨੇ ਮਹੀਨ ਭਾਵਨਾਵਾਂ ਨਾਲ ਕੰਪੋਜ਼ ਕੀਤਾ ਹੈ। ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਵਿੱਚ ਸੰਗੀਤ ਪ੍ਰੇਮੀ ਵਿਸ਼ਵਦੀਪ ਬਰਾੜ ਨੇ ਇੱਕ ਅਹਿਮ ਕੜੀ ਵਜੋਂ ਨਿਵੇਕਲੀ ਭੂਮਿਕਾ ਨਿਭਾਈ ਹੈ। ਇਸ ਮੌਕੇ ਡਾ. ਪਰਮਿੰਦਰ ਕੌਰ ਨੇ ਮਾਣ ਨਾਲ ਦੱਸਿਆ ਕਿ ਨਿਧਾ ਖਾਂ ਐਸ.ਡੀ. ਕੰਨਿਆ ਮਹਾਵਿਦਿਆਲਾ ਦੀ ਇੱਕ ਹੋਣਹਾਰ ਵਿਦਿਆਰਥਣ ਹੈ, ਜਿਸ ਨੇ ਸ਼ਾਸਤਰੀ ਸੰਗੀਤ ਅਤੇ ਲੋਕ ਗਾਇਕੀ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜ਼ੋਨਲ ਅਤੇ ਇੰਟਰ-ਜ਼ੋਨਲ ਯੂਥ ਫੈਸਟੀਵਲਾਂ ਵਿੱਚ ਗ਼ਜ਼ਲ, ਲੋਕ ਗੀਤ, ਗਰੁੱਪ ਸ਼ਬਦ ਅਤੇ ਪੱਛਮੀ ਸਾਜ਼ਾਂ ਵਰਗੀਆਂ ਵੰਨਗੀਆਂ ਵਿੱਚ ਕਈ ਸੋਨੇ ਦੇ ਮੈਡਲ ਜਿੱਤਣ ਵਾਲੀ ਨਿਧਾ ਖਾਂ ਅੱਜ ਪੰਜਾਬ ਦੇ ਸੰਗੀਤਕ ਨਕਸ਼ੇ ਤੇ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਸਰਸ ਮੇਲੇ ਦੇ ਮੰਚ ਤੋਂ ਨਿਧਾ ਖਾਂ ਦੀ ਪੇਸ਼ਕਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਮਾਨਸਾ ਦੀ ਧਰਤੀ ਜਿੱਥੇ ਕਲਾ ਤੇ ਸਾਹਿਤ ਦੀ ਉਪਜਾਊ ਧਰਤੀ ਹੈ, ਉੱਥੇ ਹੀ ਇੱਥੋਂ ਦੇ ਨੌਜਵਾਨ ਕਲਾਕਾਰ, ਆਪਣੀ ਸਖ਼ਤ ਮਿਹਨਤ ਸਦਕਾ ਵਿਰਸੇ ਦੀ ਸੰਭਾਲ ਲਈ ਤੱਤਪਰ ਹਨ। ਮੇਲੇ ਵਿੱਚ ਮੌਜੂਦ ਦਰਸ਼ਕਾਂ ਨੇ ਇਸ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ।