ਘੱਟ ਖਰਚੇ ‘ਤੇ ਨਵੀਂ ਖੇਤੀ ਮਸ਼ੀਨਰੀ ਕਿਸਾਨਾਂ ਲਈ ਸਹਾਇਕ : ਡੀਸੀ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ
Publish Date: Fri, 06 Feb 2026 06:48 PM (IST)
Updated Date: Sat, 07 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਪਾਸੋਂ ਸਮੈਮ (ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ) ਅਤੇ ਸੀ.ਡੀ.ਪੀ. (ਕਰਾਪ ਡਾਈਵਰਸੀਫਿਕੇਸ਼ਨ ਪ੍ਰੋਗਰਾਮ) ਸਕੀਮ ਸਾਲ 2025-26 ਦੌਰਾਨ ਖੇਤੀਬਾੜੀ ਨਾਲ ਸਬੰਧਤ ਵੱਖ ਵੱਖ ਮਸ਼ੀਨਾਂ 'ਤੇ ਸਬਸਿਡੀ ਮੁਹੱਈਆ ਕਰਵਾਉਣ ਲਈ 04 ਦਸੰਬਰ 2025 ਤੱਕ ਆਨਲਾਇਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨਵਜੋਤ ਕੌਰ, ਆਈ.ਏ.ਐਸ. ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਕਿਸਾਨਾਂ ਦੀ ਹਾਜ਼ਰੀ ਵਿੱਚ ਅਪਲਾਈ ਹੋਈਆਂ ਅਰਜ਼ੀਆਂ ਦੇ ਬਿਨੈਕਾਰਾਂ ਦਾ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਕੱਢਣ ਦਾ ਮੁੱਖ ਮੰਤਵ ਹੈ ਕਿ ਨਿਰੋਲ ਮੈਰਿਟ ਦੇ ਆਧਾਰ ’ਤੇ ਕਿਸਾਨਾਂ ਨੂੰ ਸਬਸਿਡੀ ਮਿਲ ਸਕੇ। ਸਕੀਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਘੱਟ ਖਰਚੇ 'ਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਮੁਹੱਈਆਂ ਕਰਵਾ ਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕਰ ਲਈ ਗਈ। ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਬਲਾਕ ਪੱਧਰ ’ਤੇ ਕਰਵਾ ਕੇ ਟੀਚਿਆਂ ਅਨੁਸਾਰ ਬਿਨੈਕਾਰਾਂ ਨੂੰ ਸੈਕਸ਼ਨ ਪੱਤਰ ਆਨਲਾਈਨ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸੂਚੀਆਂ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਵਿਖੇ ਲਗਾ ਦਿੱਤੀਆਂ ਜਾਣਗੀਆਂ, ਜਿਸ ਵਿੱਚ ਕਿਸਾਨ ਆਪਣੀ ਸੀਨੀਅਰਤਾ ਸੂਚੀ ਦੇਖ ਸਕਦੇ ਹਨ ਅਤੇ ਇਸ ਤੋਂ ਇਲਾਵਾ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਡਾ. ਬਲਵੀਰ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਰਜਤ ਕੁਮਾਰ ਲੀਡ ਬੈਂਕ ਮੈਨੇਜਰ, ਇੰਜ. ਅਲੋਕ ਗੁਪਤਾ ਕੇ.ਵੀ.ਕੇ, ਖੋਖਰ ਖੁਰਦ, ਡਾ. ਚਮਨਦੀਪ ਸਿੰਘ ਡੀਪੀਡੀ, ਮਿਸ ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫ਼ਸਰ, ਗੁਰਵਿੰਦਰ ਸਿੰਘ, ਜਗਸੀਰ ਸਿੰਘ ਅਗਾਂਹਵਧੂ ਕਿਸਾਨ, ਜਸਪਾਲ ਸਿੰਘ ਮੱਤੀ, ਸੁਖਚੈਨ ਸਿੰਘ ਗੁੜੱਦੀ ਆਦਿ ਕਿਸਾਨ ਮੌਜੂਦ ਸਨ।