ਨਵਕਾਰ ਮਹਾਮੰਤਰ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਪੂਰੇ ਵਿਸ਼ਵ ਵਿੱਚ ਜੈਨ ਸਮਾਜ ਵੱਲੋਂ ਵਿਸ਼ਵ
Publish Date: Thu, 09 Apr 2026 07:33 PM (IST)
Updated Date: Fri, 10 Apr 2026 04:15 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਵਿਸ਼ਵ ’ਚ ਜੈਨ ਸਮਾਜ ਵੱਲੋਂ ਵਿਸ਼ਵ ਨਵਕਾਰ ਮਹਾਮੰਤਰ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਰਦੂਲਗੜ੍ਹ ’ਚ ਵੀ ਭਗਤਾਂ ਨੇ ਇਕ ਸੁਰ ’ਚ ਨਵਕਾਰ ਮਹਾਮੰਤਰ ਦਾ ਜਾਪ ਕਰਕੇ ਆਤਮਕ ਸ਼ੁੱਧਤਾ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਸਥਾਨਕ ਨਵੀਂ ਜੈਨ ਸਭਾ ’ਚ ਬਿਰਾਜਮਾਨ ਗਰੀਬਾਂ ਦੇ ਮਸੀਹਾ ਗੁਰਦੇਵ ਸਮੁਤੀ ਮੁਨੀ ਜੀ ਮਹਾਰਾਜ ਨੇ ਪ੍ਰਵਚਨ ਦਿੰਦਿਆਂ ਕਿਹਾ ਕਿ ਨਵਕਾਰ ਮਹਾਮੰਤਰ, ਜੋ ਜ਼ੈਨ ਧਰਮ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮੂਲ ਮੰਤ੍ਰ ਹੈ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ, ਸਗੋਂ ਗੁਣਾਂ ਨੂੰ ਨਮਸਕਾਰ ਕਰਦਾ ਹੈ। ਇਸ ’ਚ ਉਨ੍ਹਾਂ ਸਭ ਮਹਾਨ ਆਤਮਾਵਾਂ ਨੂੰ ਨਮਨ ਕੀਤਾ ਜਾਂਦਾ ਹੈ, ਜਿਨ੍ਹਾਂ ਮਨੁੱਖਤਾ ਦੇ ਭਲੇ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਮਹਾਮੰਤਰ ਸਾਨੂੰ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਨ ਦੀ ਪ੍ਰੇਰਣਾ ਦਿੰਦਾ ਹੈ ਅਤੇ ਜੀਵਨ ਨੂੰ ਉੱਚਾਈਆਂ ਵੱਲ ਲੈ ਜਾਂਦਾ ਹੈ। ਜੇ ਅਸੀਂ ਸੱਚੇ ਮਨ ਨਾਲ ਨਵਕਾਰ ਮਹਾਮੰਤਰ ਦਾ ਜਾਪ ਕਰੀਏ ਤਾਂ ਦੇਵਤਾ ਵੀ ਪ੍ਰਸੰਨ ਹੋ ਜਾਂਦੇ ਹਨ ਅਤੇ ਮਹਾਨ ਆਤਮਾਵਾਂ ਦੇ ਗੁਣਾਂ ਦਾ ਗਾਨ ਕਰਨ ਨਾਲ ਸਾਡੇ ਕਰਮ ਕੱਟਦੇ ਹਨ। ਇਸ ਮੌਕੇ ਜੈਨ ਸਮਾਜ ਦੇ ਸੀਨੀਅਰ ਸ੍ਰਾਵਕ ਦੀਪ ਚੰਦ ਗੋਠੀ, ਪਦਮ ਸੈਨ ਜੈਨ, ਭਾਨ ਚੰਦ ਜੈਨ, ਕੇਵਲ ਚੰਦ ਜੈਨ ਬਾਬਾ, ਐੱਸਐੱਸ ਜੈਨ ਸਭਾ ਦੇ ਪ੍ਰਧਾਨ ਸੰਜੀਵ ਜੈਨ ਕਾਕਾ, ਮਹਾਮੰਤਰੀ ਰਿਸ਼ਭ ਜੈਨ ਤੇ ਸਮੂਹ ਕਾਰਜਕਾਰੀ ਕਮੇਟੀ ਦੇ ਮੈਂਬਰ ਹਾਜ਼ਰ ਸਨ।