- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਡਾਇਰੈਕਟਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਵਲ ਸਰਜਨ ਮਾਨਸਾ ਡਾ.ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ 16 ਮਾਰਚ ਨੂੰ ਆਂਗਣਵਾੜੀ ਸੈਂਟਰ ਕੋਟ ਦਾ ਟਿੱਬਾ ਮਾਨਸਾ ਵਿਖੇ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ 16 ਮਾਰਚ 1995 ਨੂੰ ਬੱਚਿਆਂ ਨੂੰ ਪਹਿਲੀ ਪੋਲੀਓ ਖੁਰਾਕ ਰਾਸ਼ਟਰੀ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਨਾਲ ਭਾਰਤ ਦੇਸ਼ ਪੋਲੀਓ ਮੁਕਤ ਹੋ ਸਕਿਆ। ਇਸ ਦਿਨ ਦਾ ਮਕਸਦ ਲੋਕਾਂ ਵਿੱਚ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਫ਼ੈਲਾਉਣਾ ਹੈ। ਇਸ ਨਾਲ ਦੇਸ਼ ਵਾਸੀਆਂ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮੇਂ ਸਿਰ ਟੀਕਾਕਰਨ ਕਰਵਾਉਣ ਨਾਲ ਸਰੀਰ ਵਿੱਚ ਕਈ ਗੰਭੀਰ ਰੋਗਾਂ ਤੋਂ ਲੜਨ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਔਰਤ ਦੇ ਗਰਭ ਧਾਰਨ ਤੋ ਲੈ ਕੇ ਨਵਜਨਮੇ ਬੱਚੇ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਬੱਚਿਆਂ ਦਾ ਟੀਕਾਕਰਨ ਕਰਵਾ ਕੇ 11 ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐਚ.ਪੀ.ਵੀ.ਵੈਕਸੀਨ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ ਹੈ ਇਸ ਦੀ ਲਾਗ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਫ਼ਤ ਕੀਤੀ ਜਾ ਰਹੀ ਹੈ, ਜਿਸ ਵਿੱਚ 14 ਸਾਲ ਉਮਰ ਵਰਗ ਦੀਆਂ ਲੜਕੀਆਂ ਨੂੰ ਐਚ.ਪੀ.ਵੀ. ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਇਹ ਟੀਕਾਕਰਨ ਅਤਿ ਜਰੂਰੀ ਹੈ। ਉਨ੍ਹਾਂ ਵੱਲੋਂ ਟੀਕਾਕਰਨ ਵਿਰੁੱਧ ਅਫਵਾਹਾਂ ਤੇ ਧਿਆਨ ਨਾ ਦੇਣ ਤੇ ਜੋਰ ਦਿੱਤਾ ਗਿਆ ਅਤੇ ਕਿਹਾ ਕਿ ਇਸ ਟੀਕੇ ਨਾਲ ਔਰਤਾਂ ਵਿੱਚ ਬੱਚੇ ਪੈਦਾ ਕਰਨ ਦੀ ਸਮਰੱਥਾ ਤੇ ਕੋਈ ਵੀ ਵਿਪਰੀਤ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਟੀਕਾਕਰਨ ਦੇ ਉਦੇਸ਼ ਅਤੇ ਇਸ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਸਾਲ ਦਾ ਰਾਸ਼ਟਰੀ ਟੀਕਾਕਰਨ ਦਿਵਸ "ਸਾਰਿਆਂ ਲਈ ਟੀਕਾਕਰਨ ਮਨੁੱਖੀ ਤੌਰ ’ਤੇ ਸੰਭਵ ਹੈ" ਥੀਮ ਤਹਿਤ ਮਨਾਇਆ ਜਾ ਰਿਹਾ ਹੈ l ਉਹਨਾਂ ਕਿਹਾ ਕਿ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਟੀਕਾਕਰਨ ਇਕ ਖਾਸ ਰੋਲ ਨਿਭਾਉਂਦਾ ਹੈ ਕਿਉਂਕਿ ਇਸ ਨਾਲ ਬੱਚਿਆਂ ਵਿੱਚ ਰੋਗ ਨਿਵਾਰਨ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਭਵਿੱਖ ਵਿੱਚ ਕਈ ਮਾਰੂ ਬਿਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 16 ਮਾਰਚ ਤੋਂ 20 ਮਾਰਚ 2026 ਤੱਕ ਵਿਸ਼ੇਸ਼ ਟੀਕਾਕਰਨ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਕਿਸੇ ਕਾਰਨ ਕਰਕੇ ਵੈਕਸੀਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਟੀਕਾਕਰਨ ਲਈ ਜੋ ਸਮੇਂ ਸਮੇਂ ਤੇ ਵੱਖ-ਵੱਖ ਮੁਹਿੰਮ ਚਲਾਈ ਜਾਂਦੀ ਹੈ ਉਸ ਤਹਿਤ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਇਆ ਜਾਵੇ ਤਾਂ ਕਿ ਬੱਚੇ ਨਿਰੋਗ ਰਹਿ ਸਕਣ। ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਤਿਰਲੋਕ ਸਿੰਘ, ਏਐਨਐਮ ਰਜਨੀ ਜੋਸ਼ੀ ਆਸ਼ਾ ਪੂਜਾ ਰਾਣੀ, ਨਿਸ਼ਾ ਰਾਣੀ ਆਦਿ ਹਾਜਰ ਸਨ।