- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਸੁਧਾਰ ਸਭਾ ਬੁਢਲਾਡਾ ਨੇ ਫੈਸਲਾ ਕੀਤਾ

-ਸਮੱਸਿਆਵਾਂ ਬਾਰੇ ਵਿਧਾਇਕ ਸਮੇਤ ਅਧਿਕਾਰੀਆਂ ਨੂੰ ਮਿਲਣ ਦਾ ਕੀਤਾ ਫ਼ੈਸਲਾ
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸ਼ਹਿਰ ਵਿੱਚ ਸਫ਼ਾਈ ਦੇ ਪੁਖਤਾ ਪ੍ਰਬੰਧ, ਸੀਵਰੇਜ਼ ਦੇ ਪਾਣੀ ਦੀ ਲੀਕੇਜ਼ ਬੰਦ ਕਰਨ, ਪੀਣ ਦੇ ਸਾਫ਼ ਪਾਣੀ ਦੀ ਸਪਲਾਈ, ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ, ਸ਼ਹਿਰ ਵਿਚ ਅਮਨ ਤੇ ਕਾਨੂੰਨ ਨੂੰ ਸਥਿਤੀ ਨੂੰ ਦਰੁੱਸਤ ਕਰਨ ਲਈ ਜਿਵੇਂ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ, ਪੁਲਿਸ ਪੋਸਟਾਂ ਸਥਾਪਤ ਕਰਨ ਆਦਿ ਮੰਗਾਂ ਦੇ ਹੱਲ ਲਈ 10 ਫ਼ਰਵਰੀ ਨੂੰ ਹਲਕਾ ਵਿਧਾਇਕ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਫ਼ਦ ਦੇ ਰੂਪ ਵਿੱਚ ਮਿਲਿਆ ਜਾਵੇਗਾ। ਨਗਰ ਸੁਧਾਰ ਸਭਾ ਬੁਢਲਾਡਾ ਨੇ ਅੱਜ ਇਹ ਫ਼ੈਸਲਾ ਕੀਤਾ।
ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਪ੍ਰੇਮ ਸਿੰਘ ਦੋਦੜਾ ਹੇਠ ਸੀਨੀਅਰ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਨੇ ਸ਼ਹਿਰ ਦੀ ਇਕੱਤਰਤਾ ਬਾਅਦ ਦੱਸਿਆ ਕਿ ਨਗਰ ਕੌਂਸਲ ਦੇ ਸ਼ਹਿਰ ਵਿੱਚ ਗੰਦਗੀ ਦੇ ਢੇਰ ਚੁੱਕਣ ਅਤੇ ਸੀਵਰੇਜ਼ ਦੀ ਲੀਕੇਜ਼ ਸਬੰਧੀ ਯਤਨ ਕੀਤੇ ਜਾਣ ਕਾਰਨ ਸੰਸਥਾ ਨੇ ਨਰਮੀ ਵਾਲਾ ਰੁਖ਼ ਅਪਣਾ ਲਿਆ ਸੀ ਤੇ ਵੱਡੇ ਇਕੱਠ ਦੀ ਬਜਾਏ ਚੋਣਵੇਂ ਵਿਅਕਤੀਆਂ ਦੀ ਮੀਟਿੰਗ ਤੱਕ ਸੀਮਤ ਕਰ ਦਿੱਤਾ ਸੀ। ਨਗਰ ਸੁਧਾਰ ਸਭਾ ਭਵਿੱਖ ਵਿੱਚ ਵੀ ਇਹ ਉਮੀਦ ਰੱਖਦੀ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਸ਼ਹਿਰ ਦੀਆਂ ਉਪਰੋਕਤ ਸਮੱਸਿਆਵਾਂ ਪ੍ਰਤੀ ਸੁਹਿਰਦਤਾ ਦਿਖਾ ਕੇ ਇਨ੍ਹਾਂ ਨੂੰ ਤੁਰੰਤ ਹੱਲ ਕਰੇਗੀ। ਐਡਵੋਕੇਟ ਦਲਿਓਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਡੇ ਬਜਟ ਦੀ ਜ਼ਰੂਰਤ ਨਹੀਂ। ਭਾਵੇਂ ਕੂੜੇ ਦੇ ਡੰਪ ਸਬੰਧੀ ਨਗਰ ਕੌਂਸਲ ਤੇ ਸੰਘਰਸ਼ ਕਰ ਰਹੇ ਦੋਵਾਂ ਵਾਰਡਾਂ ਦੇ ਲੋਕਾਂ ਸਬੰਧੀ ਸਹਿਮਤੀ ਬਣੀ ਹੈ ਪਰ ਸੰਸਥਾ ਮੰਗ ਕਰਦੀ ਹੈ ਕਿ ਕੂੜੇ ਦੇ ਡੰਪ ਦਾ ਪੱਕਾ ਪ੍ਰਬੰਧ ਸ਼ਹਿਰ ਦੀ ਵਸੋਂ ਤੋਂ ਬਾਹਰ ਕੀਤਾ ਜਾਵੇ। ਨਗਰ ਕੌਂਸਲ ਦੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਐਮਆਰਐਫ਼ ਸ਼ੈੱਡ ਸਮੇਤ ਨਗਰ ਕੌਂਸਲ ਦੀਆਂ ਕਰੋੜਾਂ, ਅਰਬਾਂ ਰੁਪਏ ਦੀਆਂ ਆਈਆਂ ਗਰਾਟਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਹਾਲਾਂ ਵੀ ਸ਼ਹਿਰ ’ਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ। ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋਣ ਕਰਕੇ ਸੜਕਾਂ 'ਤੇ ਆ ਚੁੱਕਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇੰਨ੍ਹਾਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਹੱਲ ਨਾ ਕੀਤਾ ਤਾਂ ਨਗਰ ਸੁਧਾਰ ਸਭਾ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਮਜਬੂਰ ਹੋਵੇਗੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਔਲਖ, ਮਾਸਟਰ ਰਘੁਨਾਥ ਸਿੰਗਲਾ, ਸਤਪਾਲ ਸਿੰਘ ਕਟੌਦੀਆ, ਮਿਸਤਰੀ ਜਰਨੈਲ ਸਿੰਘ ਸੰਧੂ, ਹਰਦਿਆਲ ਸਿੰਘ ਦਾਤੇਵਾਸ, ਗਗਨ ਦਾਸ ਵੈਰਾਗੀ, ਪਵਨ ਨੇਵਟੀਆ, ਰਾਕੇਸ਼ ਘੱਤੂ, ਰਾਮ ਗੋਪਾਲ, ਸੁਰਿੰਦਰ ਕੁਮਾਰ ਤਾਇਲ, ਸੁਨੀਲ ਕੁਮਾਰ ਗਰਗ, ਯੁਗੇਸ਼ ਸਿੰਗਲਾ, ਰਾਮ ਨਿਵਾਸ, ਰਾਜ ਕੁਮਾਰ ਵਾਂਗਰੂ, ਭੋਲਾ ਪਟਵਾਰੀ ਆਦਿ ਸ਼ਹਿਰ ਦੀਆਂ ਕਈ ਸ਼ਖ਼ਸੀਅਤਾਂ ਹਾਜ਼ਰ ਸਨ।