ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ’ਤੇ ਸਜਾਇਆ ਨਗਰ ਕੀਰਤਨ
ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Publish Date: Sat, 03 Jan 2026 06:53 PM (IST)
Updated Date: Sun, 04 Jan 2026 04:11 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਝੁਨੀਰ ਵਿਖੇ ਸ਼ਰਧਾ ਤੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਨਗਰ ਕੀਰਤਨ ਸਜਾਇਆ। ਗੁਰੂਘਰ ਕਮੇਟੀ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰੂ ਘਰ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਰਵਾਨਾ ਹੋਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸਨ। ਸੁੰਦਰ ਪਾਲਕੀ ਦੇ ਅੱਗੇ ਪੰਜ ਪਿਆਰੇ ਚੱਲ ਰਹੇ ਸਨ। ਸੈਂਕੜਿਆਂ ਦੀ ਗਿਣਤੀ ’ਚ ਸਿੱਖ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਪਾਲਕੀ ਦੇ ਪਿੱਛੇ ਚੱਲ ਰਹੀਆਂ ਸਨ। ਸੰਗਤ ਲਈ ਕਈ ਥਾਵਾਂ ’ਤੇ ਚਾਹ-ਪਕੌੜੇ, ਗਰਮ ਦੁੱਧ, ਪ੍ਰਸ਼ਾਦ, ਬਿਸਕੁਟ ਮੱਠੀਆਂ ਆਦਿ ਦੇ ਲੰਗਰ ਲਾਏ ਗਏ ਸਨ। ਮਸ਼ਹੂਰ ਢਾਡੀ ਜਥਾ ਭਾਈ ਰਵਿੰਦਰ ਸਿੰਘ ਬੱਗਾ ਤਲਵੰਡੀ ਸਾਬੋ ਨੇ ਸੰਗਤਾਂ ਨੂੰ ਢਾਡੀ ਵਾਰਾਂ ਅਤੇ ਗੁਰੂ ਜੀ ਦਾ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ। ਸ਼ਹਿਰ, ਪਿੰਡ ਦੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਨਗਰ ਕੀਰਤਨ ਗੁਰੂਘਰ ਪਹੁੰਚ ਕੇ ਸਮਾਪਤ ਹੋ ਗਿਆ। ਇਸ ਮੌਕੇ ਗੁਰੂਘਰ ਦੇ ਹੈੱਡ ਗ੍ਰੰਥੀ ਸੁਮਿੰਦਰ ਸਿੰਘ, ਗੁਰੂ ਘਰ ਕਮੇਟੀ ਪ੍ਰਧਾਨ ਮੋਹਨ ਸਿੰਘ, ਸਮੂਹ ਕਮੇਟੀ ਮੈਂਬਰ, ਸਰਪੰਚ ਜਗਪਾਲ ਸਿੰਘ ਖਹਿਰਾ, ਕਸ਼ਮੀਰ ਸਿੱਧੂ ਝੁਨੀਰ, ਸਾਬਕਾ ਸਰਪੰਚ ਅਮਰੀਕ ਸਿੰਘ ਢਿੱਲੋਂ, ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ, ਨਿੱਕਾ ਝਨੀਰ, ਗੋਲਡੀ ਝਨੀਰ, ਗੁਰਮੀਤ ਸਿੰਘ ਗੱਗੀ ਘੁਰਕਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸਿੱਖ ਸੰਗਤਾਂ ਹਾਜ਼ਰ ਸਨ।