ਮਿਊਂਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਭਲਕੇ
ਪੰਜਾਬ ਰਿਟਾਇਰਡ ਮਿਊਂਸਪਲ ਵਰਕਰਜ਼
Publish Date: Thu, 05 Mar 2026 07:23 PM (IST)
Updated Date: Thu, 05 Mar 2026 07:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਰਿਟਾਇਰਡ ਮਿਊਂਸੀਪਲ ਵਰਕਰਜ਼ ਯੂਨੀਅਨ ਅਤੇ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਦੀ ਨਿਗਰਾਨੀ ਹੇਠ 7 ਮਾਰਚ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਤਲਵੰਡੀ ਭਾਈ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋ ਰਹੀ ਹੈ। ਯੂਨੀਅਨ ਦੇ ਸੂਬਾ ਚੇਅਰਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਰਕਾਰ ਵੱਲੋਂ ਮਿਊਂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਲਈ ਯੂਨੀਅਨ ਨੂੰ ਭੇਜੇ ਸੱਦਾ ਪੱਤਰ ’ਤੇ ਵਿਚਾਰ ਕੀਤਾ ਜਾਵੇਗਾ। ਇਨ੍ਹਾਂ ਮਸਲਿਆਂ ਵਿੱਚ ਕਈ ਮੁਲਾਜ਼ਮਾਂ ਨੂੰ ਸੇਵਾਮੁਕਤ ਹੋਣ ਉਪਰੰਤ ਐੱਨਓਸੀ ਨਹੀਂ ਮਿਲ ਰਿਹਾ, 2-2 ਜਾਂ 3-3 ਸਾਲਾਂ ਤੋਂ ਪੈਂਡਿੰਗ ਪਈਆਂ ਇਨਕੁਆਰੀਆਂ ਦੀ ਆੜ ਵਿੱਚ ਮੁਲਾਜ਼ਮਾਂ ਨੂੰ ਐੱਨਓਸੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸੇਵਾਮੁਕਤ ਹੋਣ ’ਤੇ ਕਈ ਮੁਲਾਜ਼ਮਾਂ ਨੂੰ ਬਹੁਤ ਘੱਟ ਰਕਮ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨਾਂ ਵਿੱਚ ਸਰਕਾਰ ਵੱਲੋਂ ਭੇਜੀ ਗਈ ਐਕਸਾਈਜ਼ ਅਤੇ ਵੈਟ ਦੀ ਰਕਮ ਵਿੱਚੋਂ ਮੁਲਾਜ਼ਮਾਂ ਨੂੰ ਬਣਦਾ ਹਿੱਸਾ ਨਾ ਦੇ ਕੇ ਰਕਮ ਨੂੰ ਹੋਰ ਕੰਮਾਂ ਲਈ ਵਰਤਿਆ ਗਿਆ ਹੈ। ਇਨ੍ਹਾਂ ਸਬੰਧੀ ਸਰਕਾਰ ਨੂੰ ਗੱਲਬਾਤ ਦੌਰਾਨ ਜਾਣੂ ਕਰਵਾ ਕੇ ਬਣਦੀ ਕਾਰਵਾਈ ਦੀ ਮੰਗ ’ਤੇ ਵੀ ਵਿਚਾਰ ਕੀਤਾ ਜਾਵੇਗਾ। ਉਕਤ ਤੋਂ ਇਲਾਵਾ ਦੋਵੇਂ ਯੂਨੀਅਨਾਂ ਦੀ ਸੂਬਾ ਪੱਧਰੀ ਚੋਣ ਕਰਵਾਉਣ ਤੇ ਕੋਈ ਫ਼ੈਸਲਾ ਲਿਆ ਜਾਵੇਗਾ। ਯੂਨੀਅਨ ਦੇ ਉਕਤ ਆਗੂ ਨੇ ਦੋਵੇਂ ਯੂਨੀਅਨਾਂ ਦੇ ਸਮੂਹ ਅਹੁਦੇਦਾਰਾਂ ਨੂੰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।