ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਛੁਡਵਾਏ, ਸਾਮਾਨ ਜ਼ਬਤ
ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਬਰੇਟਾ ਦੀ
Publish Date: Thu, 12 Mar 2026 07:05 PM (IST)
Updated Date: Thu, 12 Mar 2026 07:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਦੀ ਨਗਰ ਕੌਂਸਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅੰਦਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਸਾਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸੰਦੇਸ਼ ਦਿੱਤੇ ਗਏ ਸਨ। ਇਸ ਦੇ ਬਾਵਜੂਦ ਕਈ ਦੁਕਾਨਦਾਰਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਦੁਕਾਨਾਂ ਅੱਗੇ ਸਾਮਾਨ ਰੱਖਿਆ ਹੋਇਆ ਸੀ। ਇਸੇ ਤਹਿਤ ਨਗਰ ਕੌਂਸਲ ਦੇ ਈਓ ਸਿਕੰਦਰ ਸਿੰਘ ਵੱਲੋਂ ਆਪਣੀ ਟੀਮ ਜੇਈ ਸੰਦੀਪ ਸਿੰਘ, ਕਲਰਕ ਨੀਲ ਕਮਲ, ਸੰਜੇ ਕੁਮਾਰ, ਵਿਕੀ ਸਿੰਘ, ਬਲਵਿੰਦਰ ਸਿੰਘ ਅਤੇ ਬਰੇਟਾ ਪੁਲਿਸ ਦੇ ਸਹਿਯੋਗ ਨਾਲ ਸ਼ਹਿਰ ਦੇ ਮੇਨ ਬਾਜ਼ਾਰ ਤੇ ਸਟਾਲਾਂ ਵਾਲੀ ਗਲੀ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਆਰੰਭੀ ਗਈ। ਇਸ ਕਾਰਵਾਈ ਦੌਰਾਨ ਨਗਰ ਕੌਂਸਲ ਦੀ ਟੀਮ ਵੱਲੋਂ ਚਿਤਾਵਨੀ ਦੇਣ ਤੋਂ ਬਾਅਦ ਵੀ ਜਦੋਂ ਦੁਕਾਨਦਾਰਾਂ ਨੇ ਸਾਮਾਨ ਨਾ ਚੁੱਕਿਆ ਤਾਂ ਉਨ੍ਹਾਂ ਨੇ ਬਾਹਰ ਪਿਆ ਸਾਮਾਨ ਜ਼ਬਤ ਕਰ ਲਿਆ। ਨਗਰ ਕੌਂਸਲ ਦੀ ਇਸ ਕਾਰਵਾਈ ਨਾਲ ਹੜਕੰਪ ਮਚ ਗਿਆ ਤੇ ਬਹੁਤੇ ਦੁਕਾਨਦਾਰ ਟੀਮ ਨੂੰ ਦੇਖ ਕੇ ਪਹਿਲਾਂ ਹੀ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਚੁੱਕਦੇ ਦੁਕਾਨਾਂ ਅੰਦਰ ਰੱਖਦੇ ਆਮ ਦੇਖੇ ਗਏ। ਜਦੋਂ ਕਬਜ਼ੇ ਹਟਾਉਣ ਦੌਰਾਨ ਟੀਮ ਨੇ ਦੁਕਾਨਦਾਰਾਂ ਦੇ ਬਾਹਰ ਰੱਖੇ ਸਾਮਾਨ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਕੁ ਦੁਕਾਨਦਾਰ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਏ।