- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਮਾਲ ਗੁਦਾਮ ਚੌਂਕ ਵਿਖੇ ਸੰਯੁਕਤ

-ਕੇਂਦਰ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟ ਜਗਤ ਦੇ ਹਿੱਤ ਪੂਰ ਰਹੀ : ਆਗੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਮਾਲ ਗੋਦਾਕ ਚੌਂਕ ਵਿਖੇ ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰਜ਼, ਮੈਡੀਕਲ ਪ੍ਰੈਕਟੀਸ਼ਨਰ ਤੇ ਵੱਖ ਵੱਖ ਵਰਗਾਂ ਦੀਆਂ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਸਾਮਰਾਜ ਵਿਰੋਧੀ ਦਿਵਸ ਵੱਜੋਂ ਰੂਪ ਸਿੰਘ ਢਿੱਲੋਂ, ਸੱਤ ਪਾਲ ਰਿਸ਼ੀ, ਮਹਿੰਦਰ ਸਿੰਘ ਭੈਣੀਬਾਘਾ, ਗੁਰਸੇਵਕ ਸਿੰਘ ਮਾਨਬੀਬੜੀਆਂ ਤੇ ਕਰਨੈਲ ਸਿੰਘ ਮਾਨਸਾ ਦੀ ਪ੍ਰਧਾਨਗੀ ਮੰਡਲ ਹੇਠ ਮਨਾਇਆ। ਸ਼ਹਿਰ ਦੇ ਬਜ਼ਾਰਾਂ ਵਿੱਚ ਮਾਰਚ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾ ਪਹਿਨਾ ਕੇ ਇਨਕਲਾਬੀ ਨਾਅਰੇ ਲਗਾਏ ਗਏ ਤੇ ਇਨ੍ਹਾਂ ਸੰਗਰਾਮੀ ਨਾਅਰਿਆਂ ਦੀ ਗੂੰਜ ਵਿਚ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮੋਦੀ ਸਰਕਾਰ ਅਤੇ ਉਸ ਦੇ ਭਾਈਵਾਲ ਆਰਐਸਐਸ ਦੇ ਵੰਡ ਪਾਊ ਮਨਸੂਬਿਆਂ ਤੇ ਕਾਰਪੋਰੇਟ ਪੱਖੀ ਲੋਕ ਮਾਰੂ ਨੀਤੀਆਂ ਨੂੰ ਮੁੱਢ ਤੋਂ ਨਕਾਰਦੇ ਹਾਂ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ, ਨੇਤਨਯਾਹੂ ਤੇ ਪ੍ਰਧਾਨ ਮੰਤਰੀ ਮੋਦੀ ਸਾਮਰਾਜੀ ਸ਼ਕਤੀਆਂ ਤੇ ਪੂੰਜੀਪਤੀਆਂ ਦੇ ਫ਼ਾਇਦੇ ਲਈ ਮਨੁੱਖਤਾ ਦਾ ਘਾਣ ਕਰਦਿਆਂ ਇੱਕੋਂ ਰਾਹ ’ਤੇ ਚੱਲ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਤਾਕਤ ’ਚ ਆਉਣ ਬਾਅਦ ਹਮੇਸ਼ਾ ਜੰਗ ਛੇੜ ਕੇ ਹਥਿਆਰਾਂ ਦੀ ਮੰਡੀ ਨੂੰ ਲਾਭ ਪਹੁੰਚਾਉਂਦੇ ਆ ਰਹੇ ਹਨ ਤੇ ਹਮੇਸ਼ਾ ਸਾਮਰਾਜੀ ਜੁੰਡਲੀ ਅਮੀਰਕਾ ਦੇ ਝੰਡੇ ਹੇਠ ਇਕੱਠੀ ਹੋਈ ਹੈ। ਦੁਨੀਆ ਦੇ ਛੋਟੇ ਤੇ ਕਮਜ਼ੋਰ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਪੈਟਰੋਲ, ਗੈਸ ਤੇ ਵਡਮੁੱਲੇ ਖਣਿਜ ਪਦਾਰਥਾਂ ਨੂੰ ਡਰਾ ਧਮਕਾ ਕੇ ਜਾਂ ਜੰਗ ਛੇੜ ਕੇ ਜਬਰੀ ਹਥਿਆ ਰਹੀ ਹੈ, ਜਿਸ ਕਾਰਨ ਨਿਹੱਥੇ ਤੇ ਨਿਰਦੋਸ਼ ਕੀਮਤੀ ਜਾਨਾਂ ਜਾ ਰਹੀਆਂ ਹਨ। ਆਗੂਆਂ ਨੇ ਸਾਮਰਾਜਵਾਦ ਖਿਲਾਫ਼ ਤਿੱਖਾ ਅੰਦੋਲਨ ਵਿੱਢ ਕੇ ਦੇਸ਼ ਵਿਚ ਵੱਧ ਰਹੀਆਂ ਪੈਟਰੋਲੀਅਮ ਦੀਆਂ ਕੀਮਤਾਂ ਘਰੇਲੂ ਗੈਸ, ਦਵਾਈਆਂ ਅਤੇ ਰੋਜ਼ ਮਰ੍ਹਾ ਦੀ ਜ਼ਿੰਦਗੀ ’ਚ ਕੰਮ ਆਉਣ ਵਾਲੀਆਂ ਵਸਤੂਆਂ ਨੂੰ ਰੋਕਿਆ ਜਾ ਸਕਦਾ ਹੈ ਤੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਵਿਚਾਰਧਾਰਾ ਨੂੰ ਲਾਗੂ ਕੀਤਾ ਜਾ ਸਕਦਾ ਹੈ। ਅੰਤ ਵਿਚ ਆਗੂਆਂ ਨੇ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਦੇ ਫਰਜ਼ੀ ਇਨਕਲਾਬੀ ਫ਼ਲਸਫ਼ੇ ਦੀ ਆਲੋਚਨਾ ਕਰਦੇ ਹੋਏ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ, ਮੁਲਾਜ਼ਮਾਂ ਤੇ ਛੋਟੇ ਕਾਰੋਬਾਰੀਆਂ ਅਤੇ ਸਵੈ ਰੁਜ਼ਗਾਰ ਚਲਾ ਰਹੇ ਕਿਰਤੀਆਂ ਤੇ ਕੀਤੇ ਜਾ ਰਹੇ ਜ਼ਬਰ ਦੀ ਨਿੰਦਾ ਕੀਤੀ। ਸ਼ਹੀਦਾਂ ਨੂੰ ਨਮਨ ਕਰਦਿਆਂ ਅਜੋਕੇ ਹਾਲਾਤਾਂ ਤੇ ਚਿੰਤਾ ਪ੍ਰਗਟਾਉਂਦਿਆਂ ਸੱਦਾ ਦਿੱਤਾ ਕਿ ਸਾਂਝੇ ਤੇ ਵਿਸ਼ਾਲ ਸੰਘਰਸ਼ਾਂ ਦੀ ਅਣਸਰਦੀ ਵਡੇਰੀ ਲੋੜ ਹੈ। ਇਸ ਮੌਕੇ ਮਾਸਟਰ ਛੱਜੂ ਰਾਮ ਰਿਸ਼ੀ, ਜਸਵੀਰ ਕੌਰ ਨੱਤ, ਕ੍ਰਿਸ਼ਨ ਚੌਹਾਨ, ਕੁਲਵਿੰਦਰ ਉਡਤ, ਡਾ, ਧੰਨਾ ਮੱਲ ਗੋਇਲ, ਸਿਕੰਦਰ ਸਿੰਘ ਘਰਾਗਣਾ, ਨਿਰਮਲ ਸਿੰਘ ਝੰਡੂਕੇ, ਗੋਰਾ ਸਿੰਘ ਭੈਣੀ ਬਾਘਾ, ਅਜੈਬ ਸਿੰਘ ਭੈਣੀਬਾਘਾ, ਮਨਜੀਤ ਸਿੰਘ ਉਲਕ, ਬਲਵੰਤ ਸਿੰਘ ਫੱਕਰ, ਰਤਨ ਭੋਲਾ, ਰਾਜਪਾਲ ਅਲੀਸ਼ੇਰ, ਸ਼ਿੰਦਰਪਾਲ ਕੌਰ ਨੇ ਸੰਬੋਧਨ ਕੀਤਾ ਤੇ ਡਾ. ਅਮਰੀਕ ਸਿੰਘ ਮਾਖਾ, ਆਤਮਾ ਸਿੰਘ ਪਮਾਰ, ਸੁਖਚਰਨ ਸਿੰਘ ਦਾਨੇਵਾਲੀਆ, ਮੱਖਣ ਮਾਨਸਾ, ਬੂਟਾ ਸਿੰਘ ਬਰਨਾਲਾ, ਡਾ. ਸਤਵੰਤ ਸਿੰਘ, ਡਾ. ਸਤਵੰਤ ਸਿੰਘ ਮੋਹਰ ਸਿੰਘ ਵਾਲਾ ਵੀ ਮੌਜੂਦ ਸਨ।