ਮੋਦੀ ਸਰਕਾਰ ਔਰਤਾਂ ਦੇ ਨਾਮ ‘ਤੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ: ਵਿਜੈ ਇੰਦਰ ਸਿੰਗਲਾ
ਸਾਬਕਾ ਕੈਬਨਿਟ ਮੰਤਰੀ ਅਤੇ ਆਲ ਇੰਡੀਆ
Publish Date: Mon, 20 Apr 2026 05:01 PM (IST)
Updated Date: Tue, 21 Apr 2026 04:04 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸਾਬਕਾ ਕੈਬਨਿਟ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵਿਜੈ ਇੰਦਰ ਸਿੰਗਲਾ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਮਹਿਲਾ ਰਾਖਵਾਂਕਰਨ ਬਿਲ ਦੇ ਮਾਮਲੇ ਵਿੱਚ ਦੇਸ਼ ਦੀਆਂ ਔਰਤਾਂ ਅਤੇ ਜਨਤਾ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਮਾਨਸਾ ਵਿੱਚ ਹੋਈ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਮਹਿਲਾਵਾਂ ਦੇ ਹੱਕਾਂ ਦੇ ਨਾਂ ’ਤੇ ਸਿਆਸੀ ਡਰਾਮਾ ਕਰ ਰਹੀ ਹੈ, ਜਦਕਿ ਹਕੀਕਤ ਵਿੱਚ ਉਨ੍ਹਾਂ ਨੂੰ ਨਿਆਂ ਦੇਣ ਦੀ ਕੋਈ ਨੀਅਤ ਨਹੀਂ ਦਿਖਾ ਰਹੀ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਔਰਤਾਂ ਦੇ ਅਧਿਕਾਰਾਂ ਲਈ ਖੜ੍ਹੀ ਰਹੀ ਹੈ ਅਤੇ 2023 ’ਚ ਪਾਰਲੀਮੈਂਟ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕਰਕੇ ਇਸ ਨੂੰ ਪਾਸ ਕਰਵਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਦੇ ਹਰ ਮੈਂਬਰ ਨੇ ਇਸ ਬਿਲ ਦੇ ਹੱਕ ਵਿੱਚ ਵੋਟ ਪਾਈ ਸੀ, ਜਿਸ ਨਾਲ ਇਹ ਕਾਨੂੰਨ ਬਣ ਸਕਿਆ। ਪਰ ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਨੂੰਨ ਪਾਸ ਹੋਣ ਤੋਂ ਬਾਅਦ ਭਾਜਪਾ ਸਰਕਾਰ ਨੇ ਇਸਦੀ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਜਾਣਬੁੱਝ ਕੇ ਲਟਕਾ ਦਿੱਤਾ ਹੈ। ਸਿੰਗਲਾ ਨੇ ਕਿਹਾ ਕਿ ਪਿਛਲੇ ਤਕਰੀਬਨ 30 ਮਹੀਨਿਆਂ ਤੋਂ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਲਈ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਢੰਗ ਦੀ ਕਾਰਵਾਈ ਕੀਤੀ ਗਈ ਹੈ। “ਇਹ ਸਾਫ਼ ਦਰਸਾਉਂਦਾ ਹੈ ਕਿ ਭਾਜਪਾ ਦੀ ਮਹਿਲਾਵਾਂ ਪ੍ਰਤੀ ਵਚਨਬੱਧਤਾ ਸਿਰਫ਼ ਬੋਲੀਆਂ ਤੱਕ ਸੀਮਿਤ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਜ ਵੀ ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਕੋਈ ਸੰਵਿਧਾਨਕ ਜਾਂ ਪ੍ਰਸ਼ਾਸਕੀ ਰੁਕਾਵਟ ਨਹੀਂ ਹੈ, ਸਗੋਂ ਇਹ ਸਿਰਫ਼ ਸਿਆਸੀ ਇਰਾਦੇ ਦੀ ਕਮੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਬਿਆਨਾਂ ’ਤੇ ਵੀ ਨਿਸ਼ਾਨਾ ਸਾਧਿਆ, ਜਿਨ੍ਹਾਂ ਵਿੱਚ ਮੋਦੀ ਵੱਲੋਂ ਕਾਂਗਰਸ ’ਤੇ ਮਹਿਲਾ ਬਿਲ ਦਾ ਵਿਰੋਧ ਕਰਨ ਦੇ ਦੋਸ਼ ਲਗਾਏ ਗਏ ਸਨ। ਸਿੰਗਲਾ ਨੇ ਇਸ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਮਹਿਲਾ ਰਾਖਵਾਂਕਰਨ ਦਾ ਵਿਰੋਧ ਨਹੀਂ ਕੀਤਾ, ਬਲਕਿ ਉਸਨੇ ਸਿਰਫ਼ ਉਨ੍ਹਾਂ ਪ੍ਰਸਤਾਵਾਂ ਦਾ ਵਿਰੋਧ ਕੀਤਾ ਜੋ ਇਸ ਬਿਲ ਦੇ ਅਸਲ ਮਕਸਦ ਨੂੰ ਕਮਜ਼ੋਰ ਕਰਦੇ ਸਨ। “ਕਾਂਗਰਸ ਨੇ ਧੋਖਾਧੜੀ ਵਾਲੀ ਰਾਜਨੀਤੀ ਦਾ ਵਿਰੋਧ ਕੀਤਾ ਹੈ, ਮਹਿਲਾਵਾਂ ਦੇ ਹੱਕਾਂ ਦਾ ਨਹੀਂ, ਉਨ੍ਹਾਂ ਨੇ ਸਪਸ਼ਟ ਕੀਤਾ। ਸਿੰਗਲਾ ਨੇ ਭਾਜਪਾ ‘ਤੇ ਇਹ ਵੀ ਦੋਸ਼ ਲਾਇਆ ਕਿ ਉਹ ਮਹਿਲਾ ਰਾਖਵਾਂਕਰਨ ਬਿਲ ਦੇ ਨਾਲ ਹੋਰ ਕਈ ਅਜਿਹੇ ਬਿਲ ਜੋੜ ਰਹੀ ਹੈ ਜੋ ਅਸਲ ਮਸਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵੱਲੋਂ ਦੇਸ਼ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਮਹਿਲਾ ਵਿਰੋਧੀ ਹੈ, ਜੋ ਕਿ ਸਿਰਫ਼ ਝੂਠ ਅਤੇ ਭਰਮ ਫੈਲਾਉਣ ਦੀ ਕੋਸ਼ਿਸ਼ ਹੈ। ਸਿੰਗਲਾ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮਹਿਲਾਵਾਂ ਖ਼ਿਲਾਫ਼ ਹੋ ਰਹੀਆਂ ਹਿੰਸਕ ਘਟਨਾਵਾਂ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਬਲਾਤਕਾਰ, ਛੇੜਛਾੜ ਅਤੇ ਤਸ਼ੱਦਦ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਪ੍ਰਧਾਨ ਮੰਤਰੀ ਇਸ ਮਾਮਲੇ ‘ਤੇ ਚੁੱਪੀ ਸਾਧੇ ਹੋਏ ਹਨ। ਸਿੰਗਲਾ ਨੇ ਕਿਹਾ ਕਿ ਕਾਂਗਰਸ ਲਗਾਤਾਰ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰ ਰਹੀ ਹੈ ਅਤੇ ਭਾਜਪਾ ਨੂੰ ਇਸ ਮਾਮਲੇ ਵਿੱਚ ਸਪੱਸ਼ਟ ਸਥਿਤੀ ਦੱਸਣੀ ਚਾਹੀਦੀ ਹੈ। ਰਾਜਨੀਤਿਕ ਭਵਿੱਖ ਬਾਰੇ ਗੱਲ ਕਰਦਿਆਂ ਸਿੰਗਲਾ ਨੇ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਅਤੇ ਹੋਰ ਪਾਰਟੀਆਂ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਕਾਂਗਰਸ ਵੱਲ ਮੁੜ ਰਹੇ ਹਨ। ਵੱਡੇ ਬਹੁਮਤ ਨਾਲ ਕਾਂਗਰਸ ਸਰਕਾਰ ਬਣੇਗੀ ਅਤੇ ਲੋਕਾਂ ਨੂੰ ਇਕ ਸਥਿਰ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਵੀ ਭਾਜਪਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕਾਂਗਰਸ ਵਿਰੋਧੀ ਪ੍ਰਚਾਰ ਦੇ ਖ਼ਿਲਾਫ਼ ਵਿਆਪਕ ਮੁਹਿੰਮ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਸੱਚਾਈ ਨਾਲ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਾਂਗਰਸ ਵਿੱਚ ਏਕਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਦੇ ਸਾਰੇ ਨੇਤਾ ਅਤੇ ਵਰਕਰ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰਨਗੇ ਅਤੇ ਲੋਕਾਂ ਤੱਕ ਪਾਰਟੀ ਦੀ ਵਿਚਾਰਧਾਰਾ ਪਹੁੰਚਾਉਣਗੇ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਬਲਕੌਰ ਸਿੰਘ ਮੂਸਾ, ਬਿਕਰਮਜੀਤ ਸਿੰਘ ਮੋਫ਼ਰ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜੀਆ, ਬਲਵੀਰ ਸਿੰਘ ਦੰਦੀਵਾਲ, ਪ੍ਰਿਤਪਾਲ ਸਿੰਘ ਡਾਲੀ, ਮਨਜੀਤ ਸਿੰਘ ਰਾਣਾ, ਮੱਖਣ ਸਿੰਘ ਭੱਠਲ, ਹਰਪ੍ਰੀਤ ਸਿੰਘ ਪਿਆਰੀ, ਸਤਗੁਰ ਸਿੰਘ ਜਲਵੇੜਾ, ਮੱਖਣ ਲਾਲ ਸ਼ਰਮਾ ਦਫ਼ਤਰ ਇੰਚਾਰਜ, ਸਵਰਨ ਸਿੰਘ ਖੁਡਾਲ, ਨਵੀਨ ਕਾਲਾ, ਸਵੀਟੀ ਐੱਮਸੀ ਚਾਹਲ , ਸੱਤਪਾਲ ਸਿੰਘ ਮੂਲੇਵਾਲਾ, ਚਮਕੌਰ ਮੂਸਾ, ਬੀਰੇਂਦਰ ਸਿੰਘ ਧਾਲੀਵਾਲ, ਵਿਨੋਦ ਸਿੰਗਲਾ, ਮਨੋਜ ਸਿੰਗਲਾ ਰੋਕੀ, ਗੁਰਸ਼ਰਨ ਮਾਖਾ, ਸਿਮਰਨਜੀਤ ਸਿੰਘ ਮਨਸ਼ੀਆ ਆਦਿ ਸ਼ਾਮਲ ਸਨ। ਅਖ਼ੀਰ ਵਿੱਚ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਰਹੇਗੀ ਅਤੇ ਮਹਿਲਾਵਾਂ ਦੇ ਹੱਕਾਂ ਲਈ ਆਪਣੀ ਆਵਾਜ਼ ਉਠਾਉਂਦੀ ਰਹੇਗੀ। ਉਧਰ ਇਸ ਦੌਰਾਨ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ ਅਤੇ ਬੁਢਲਾਡਾ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਨਾ ਪਹੁੰਚੇ।