ਤਨਖ਼ਾਹਾਂ ਨਾ ਮਿਲਣ ’ਤੇ ਵਿਧਾਇਕ ਸਿੰਗਲਾ ਦੀ ਰਿਹਾਇਸ਼ ’ਤੇ ਧਰਨਾ
ਅੱਧਾ ਮਹੀਨਾ ਲੰਘ ਜਾਣ ਤੇ ਵੀ ਸੂਬੇ
Publish Date: Sun, 15 Mar 2026 06:01 PM (IST)
Updated Date: Mon, 16 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅੱਧਾ ਮਹੀਨਾ ਲੰਘ ਜਾਣ ਤੇ ਵੀ ਸੂਬੇ ਭਰ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ ਹਨ। ਇਸ ਕਾਰਨ ਅਧਿਆਪਕਾਂ ’ਚ ਗੁੱਸੇ ਦੀ ਲਹਿਰ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਨਸਾ ਜ਼ਿਲ੍ਹੇ ਦੇ ਅਧਿਆਪਕ ਆਗੂ ਹੰਸਾ ਸਿੰਘ ਡੇਲੂਆਣਾ, ਨਰਿੰਦਰ ਸਿੰਘ ਮਾਖਾ, ਕਰਮਜੀਤ ਤਾਮਕੋਟ ਅਤੇ ਦਰਸ਼ਨ ਅਲੀਸ਼ੇਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਅਧਿਆਪਕਾਂ ਨੂੰ ਬਜਟ ਨਾ ਹੋਣ ਕਾਰਨ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਤੋਂ ਅੱਕ ਕੇ ਪਿਛਲੇ ਦਿਨ੍ਹੀਂ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲਾ ਸਿੱਖਿਆ ਦਫ਼ਤਰ ਅੱਗੇ ਨਾਅਰੇਬਾਜ਼ੀ ਵੀ ਕੀਤੀ ਗਈ ਸੀ। ਹੁਣ ਮਸਲਾ ਨਾ ਹੱਲ ਹੁੰਦਾ ਦੇਖ ਕੇ 16 ਮਾਰਚ ਨੂੰ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਦਾ ਘਰ ਘੇਰਨ ਦਾ ਫ਼ੈਸਲਾ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੀਆਂ ਮਸ਼ਹੂਰੀਆਂ ਤੇ ਅਰਬਾਂ ਰੁਪਏ ਖਰਚ ਰਹੀ ਹੈ। ਧਾਰਮਿਕ ਮੇਲਿਆਂ, ਰੈਲੀਆਂ ਦੇ ਨਾਂ ਤੇ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ, ਪਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਟਾਈਮ ਬਜ਼ਟ ਪੂਰ੍ਹਾ ਨਹੀਂ ਹੋ ਰਿਹਾ। ਅਧਿਆਪਕ ਆਗੂਆਂ ਲਖਵਿੰਦਰ ਮਾਨ, ਹਰਜਿੰਦਰ ਅਨੂਪਗੜ੍ਹ, ਸੁਖਵੀਰ ਸਿੰਘ, ਰਾਜਵਿੰਦਰ ਬਹਿਣੀਵਾਲ ਤੇ ਬੇਅੰਤ ਰੜ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ, ਡੀਏ, ਪੇਂਡੂ ਭੱਤਾ, ਕੱਚੇ ਅਧਿਆਪਕ ਪੱਕੇ ਕਰਨੇ, ਪੰਜਾਬ ਸਕੇਲ ਬਹਾਲ ਕਰਨ ਵਰਗੇ ਮਸਲਿਆਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਮੁਲਾਜ਼ਮ ਸਰਕਾਰ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਅੱਕ ਕੇ ਹੁਣ ਐੱਮ ਐੱਲ ਏ ਦਾ ਘਰ ਘੇਰਨ ਦਾ ਫ਼ੈਸਲਾ ਲਿਆ ਗਿਆ ਹੈ। ਆਗੂਆਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ 16 ਮਾਰਚ ਨੂੰ ਵਿਧਾਇਕ ਦੇ ਘਰ ਅੱਗੇ ਵੱਡੀ ਗਿਣਤੀ ਵਿੱਚ ਪਹੁੰਚਣ।