ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਉੱਦਮੀ ਔਰਤਾਂ ਸਨਮਾਨਿਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਤ ਭਵਨ ਵਿਖੇ
Publish Date: Sat, 07 Mar 2026 05:54 PM (IST)
Updated Date: Sun, 08 Mar 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਤ ਭਵਨ ਵਿਖੇ ‘ਆਪਣਾ ਕਾਰੋਬਾਰ ਆਪਣੀ ਪਛਾਣ’ ਬੈਨਰ ਹੇਠ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐੱਲ.ਐਮ) ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਸ ਸਕੀਮ ਤਹਿਤ ਔਰਤਾਂ ਨੂੰ ਸਮੂਹਾਂ ਦੇ ਰੂਪ ਵਿਚ ਕੰਮ ਕਰਦੇ ਹੋਏ ਆਤਮ ਨਿਰਭਰ ਬਣਾਉਣ ਲਈ ਬੈਂਕਾਂ ਰਾਹੀਂ ਘੱਟ ਵਿਆਜ ਦਰਾਂ ਉਤੇ ਕਰਜ਼ੇ ਦਿਵਾਏ ਜਾਂਦੇ ਹਨ ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਣ ਤੇ ਸਨਮਾਨਜਨਕ ਜੀਵਨ ਬਤੀਤ ਕਰ ਸਕਣ। ਡਾ. ਸਿੰਗਲਾ ਨੇ ਅੱਗੇ ਕਿਹਾ ਕਿ ਅੱਜ ਉਨ੍ਹਾਂ ਸਾਰੀਆਂ ਔਰਤਾਂ ਦਾ ਸਨਮਾਨ ਕਰਨਾ ਮਾਣ ਵਾਲੀ ਗੱਲ ਹੈ ਜਿਨ੍ਹਾਂ ਨੇ ਮੁਸ਼ਕਲਾਂ ਦੇ ਬਾਵਜੂਦ ਆਪਣੀ ਹਿੰਮਤ, ਲਗਨ ਅਤੇ ਮਿਹਨਤ ਨਾਲ ਆਪਣੀ ਪਹਿਚਾਣ ਆਪ ਬਣਾਈ ਹੈ। ਉਨ੍ਹਾਂ ਕਿਹਾ ਕਿ ਇਹ ਉੱਦਮੀ ਔਰਤਾਂ ਦੂਜਿਆਂ ਲਈ ਵੀ ਪ੍ਰੇਰਨਾ ਸਰੋਤ ਹਨ। ਇਸ ਮੌਕੇ ਹਲਕਾ ਵਿਧਾਇਕ ਵੱਲੋਂ ਸਫ਼ਲਤਾਪੂਰਵਕ ਕਾਰੋਬਾਰ ਚਲਾ ਰਹੀਆਂ ਉੱਦਮੀ ਔਰਤਾਂ ਨੂੰ ਯਾਦਗਾਰੀ ਟਰਾਫੀਆਂ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਬੀਡੀਪੀਓ ਭੀਖੀ ਗੁਰਵਿੰਦਰ ਕੌਰ, ਹਰਦੀਪ ਸਿੰਘ (ਬੀ.ਪੀ.ਐਮ. ਮਾਨਸਾ), ਸੁਖਰਾਜ ਸਿੰਘ (ਬੀ.ਪੀ.ਐਮ. ਭੀਖੀ), ਹਰਪ੍ਰੀਤ ਕੌਰ, ਸ਼ਰਨਜੀਤ ਕੌਰ (ਜ਼ਿਲ੍ਹਾ ਕੋਆਰਡੀਨੇਟਰ ਆਮ ਆਦਮੀ ਪਾਰਟੀ), ਰਾਜਵਿੰਦਰ ਕੌਰ (ਬਲਾਕ ਕੋਆਰਡੀਨੇਟਰ) ਸਮੇਤ ਵਿਭਾਗ ਦਾ ਹੋਰ ਸਟਾਫ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ।