ਮਿੱਡ-ਡੇ-ਮੀਲ ਤੇ ਸਫ਼ਾਈ ਵਰਕਰ ਕੁੱਕ ਬੀਬੀਆਂ ਨੇ ਜ਼ਿਲ੍ਹਾ ਕਚਹਿਰੀਆਂ ’ਚ ਲਾਇਆ ਧਰਨਾ
ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਮਿੱਡ ਡੇ
Publish Date: Thu, 12 Feb 2026 05:57 PM (IST)
Updated Date: Thu, 12 Feb 2026 05:59 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਮਿੱਡ-ਡੇ-ਮੀਲ ਤੇ ਸਫ਼ਾਈ ਵਰਕਰ ਯੂਨੀਅਨ ਆਜ਼ਾਦ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੀਆਂ ਸੈਂਕੜੇ ਮਿੱਡ-ਡੇ-ਮੀਲ ਤੇ ਸਫ਼ਾਈ ਵਰਕਰ ਕੁੱਕ ਬੀਬੀਆਂ ਨੇ ਜ਼ਿਲ੍ਹਾ ਕਚਹਿਰੀਆਂ ਵਿੱਚ ਧਰਨਾ ਦਿੱਤਾ ਅਤੇ ਕਚਹਿਰੀ ਤੋਂ ਬੱਸ ਸਟੈਂਡ ਤਕ ਰੋਹ ਭਰਪੂਰ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ, ਮਿੱਡ-ਡੇ-ਮੀਲ ਤੇ ਸਫ਼ਾਈ ਵਰਕਰ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਲਗਾਤਾਰ ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ, ਉੱਥੇ ਹੀ ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਮਾਨ ਵੀ ਕੱਚੇ ਕਾਮਿਆਂ ਤੇ ਸਕੀਮ ਵਰਕਰਾਂ ਨੂੰ ਪੱਕਾ ਕਰਨਾ ਤਾਂ ਦੂਰ ਤਨਖ਼ਾਹਾਂ ਵਿੱਚ ਵਾਧਾ ਕਰਨ ਦਾ ਵਾਅਦਾ ਕਰ ਕੇ ਵੀ ਲਾਗੂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਮਨਰੇਗਾ ਸਮੇਤ ਹਰ ਖੇਤਰ ਦੇ ਰੁਜ਼ਗਾਰ ਨੂੰ ਬਚਾਉਣ ਲਈ 1 ਮਾਰਚ ਨੂੰ ਭਦੌੜ ਦਾਣਾ ਮੰਡੀ ਵਿਖੇ ਸਾਂਝੀ ਸੂਬਾ ਪੱਧਰੀ ਮਜ਼ਦੂਰ ਲਾਲਕਾਰ ਰੈਲੀ ਵਿੱਚ ਵੀ ਹਜ਼ਾਰਾਂ ਕੁੱਕ ਬੀਬੀਆਂ ਸ਼ਾਮਲ ਹੋਣਗੀਆਂ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਮਿੱਡ-ਡੇ-ਮੀਲ ਤੇ ਸਫ਼ਾਈ ਵਰਕਰ ਯੂਨੀਅਨ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਗਾਮੀਵਾਲਾ, ਨਸੀਬ ਕੌਰ ਪੇਰੋਂ, ਰਾਜ ਕੌਰ ਬੰਗੀ, ਸੁਨੀਤਾ ਭੀਖੀ, ਕਰਮਜੀਤ ਕੌਰ ਦਲੇਰ ਵਾਲਾ, ਪਰਵਿੰਦਰ ਕੌਰ ਬਹਿਣੀਵਾਲ, ਪਰਮਜੀਤ ਕੌਰ ਬੁਢਲਾਡਾ, ਰੋਸ਼ਨੀ ਦਿਆਲਪੁਰਾ, ਗੁਰਮੇਲ ਕੌਰ ਮਾਨਸਾ ਆਦਿ ਮੌਜੂਦ ਸਨ।