ਪੀਐੱਮ ਹਾਈ ਸਕੂਲ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਤੇ ਸਮਾਗਮ ਕਰਵਾਇਆ
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ
Publish Date: Fri, 03 Apr 2026 07:20 PM (IST)
Updated Date: Sat, 04 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਸਮਾਓਂ ਵਿਖੇ ਮੈਗਾ ਪੀਟੀਐਮ ਅਤੇ ਸਕੂਲ ਦੇ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਫ਼ਸਰ ਨੀਲਮ ਰਾਣੀ ਨੇ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਿੱਖਿਆ ਅਧਿਕਾਰੀ ਨੇ ਸ਼ਾਨਦਾਰ ਸਮਾਗਮ ਦੀ ਸ਼ਲਾਘਾ ਕਰਦਿਆਂ ਸਕੂਲ ਮੁਖੀ ਹਰਜਿੰਦਰ ਸਿੰਘ ਵਿਰਦੀ, ਸਕੂਲ ਸਟਾਫ਼ ਤੇ ਮਾਪਿਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਗਾ ਮਾਪੇ ਅਧਿਆਪਕ ਮਿਲਣੀ ਇੱਕ ਤਰ੍ਹਾਂ ਨਾਲ ਇੱਕ ਵੱਡੇ ਮੇਲੇ ਚ ਤਬਦੀਲ ਹੋ ਗਈ ਹੈ। ਇਸ ਤੋਂ ਸਕੂਲ ਮੁਖੀ, ਸਟਾਫ਼ ਅਤੇ ਮਾਪਿਆਂ ਦੀ ਸਕੂਲ ਪ੍ਰਤੀ ਸੁਹਿਰਦਤਾ ਤੇ ਸਮਰਪਣ ਦਾ ਸਪੱਸ਼ਟ ਝਲਕਾਰਾ ਨਜ਼ਰੀਂ ਪੈ ਰਿਹਾ ਹੈ। ਇਸ ਸਮੇਂ ਉਨ੍ਹਾਂ ਦਫ਼ਤਰ ਵੱਲੋਂ ਸਕੂਲ ਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦਾ ਯਕੀਨ ਵੀ ਦਵਾਇਆ। ਸਕੂਲ ਮੁਖੀ ਹਰਜਿੰਦਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸਕੂਲ ਦੇ ਬਹੁਤ ਸਾਰੇ ਵਿਦਿਆਰਥੀ ਮੈਰੀਟੋਰੀਅਸ ਸਕੂਲ ਚ ਦਾਖਲਾ ਲੈਣ ਲਈ ਯੋਗ ਹੋ ਗਏ ਹਨ। ਖੇਡਾਂ ਤੇ ਹੋਰ ਸਹਿਪਾਠ ਸਰਗਰਮੀਆਂ ਚ ਵੀ ਇੱਥੋਂ ਦੇ ਬੱਚਿਆਂ ਨੇ ਮੱਲਾਂ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ, ਮਾਪਿਆਂ, ਪਤਵੰਤੇ ਸੱਜਣਾਂ ਤੇ ਇੱਥੋਂ ਸੇਵਾਮੁਕਤ ਹੋਏ ਅਧਿਆਪਕਾਂ ਦੇ ਸਹਿਯੋਗ ਸਦਕਾ ਅਸੀਂ ਪੂਰੇ ਸਕੂਲ ਨੂੰ ਏਅਰ ਕੰਡੀਸ਼ਨ ਕਰਨ ਚ ਵੀ ਸਫਲਤਾ ਹਾਸਲ ਕਰ ਲਈ ਹੈ। ਉਨ੍ਹਾਂ ਸਮੁੱਚੇ ਹਾਜ਼ਰੀਨ ਨੂੰ ‘ਜੀ ਆਇਆਂ’ ਆਖਦਿਆਂ ਧੰਨਵਾਦ ਵੀ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਇੱਕ ਨਾਟਕ, ਸਕਿਟਾਂ, ਗੀਤ ਸੰਗੀਤ ਤੋ ਇਲਾਵਾ ਗਿੱਧਾ ਅਤੇ ਭੰਗੜਾ ਪੇਸ਼ ਕਰਦਿਆਂ ਹੋਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਬੱਚਿਆਂ ਦੀ ਸਾਲਾਨਾ ਪ੍ਰਗਤੀ ਰਿਪੋਰਟ ਤੇ ਨਤੀਜਿਆਂ ਬਾਰੇ ਵੀ ਮਾਪਿਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਖੇਤਰਾਂ ਜਿਵੇਂ ਪੜ੍ਹਾਈ, ਖੇਡਾਂ ਅਨੁਸ਼ਾਸਨ,ਹਾਜ਼ਰੀ ਆਦਿ ਲਈ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇੱਥੇ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਸਟਾਫ ਵੱਲੋਂ ਇੱਥੋਂ ਸੇਵਾਮੁਕਤ ਹੋ ਕੇ ਗਏ ਅਧਿਆਪਕਾਂ ਨੂੰ ਵੀ ਪ੍ਰੋਗਰਾਮ ਚ ਸ਼ਮੂਲੀਅਤ ਲਈ ਸੱਦਾ ਦੇਣ ਤੋਂ ਇਲਾਵਾ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਲਵਿੰਦਰ ਸਿੰਘ ਡੀ ਪੀ ਅਤੇ ਨੀਲਮ ਕੁਮਾਰੀ ਪੰਜਾਬੀ ਮਿਸਟ੍ਰੈੱਸ ਵੱਲੋਂ ਨਿਭਾਈ ਗਈ। ਸਮਾਗਮ ਦੌਰਾਨ ਗੁਰਮੇਜ ਸਿੰਘ ਪਿੰਡ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਭੋਲਾ ਸਿੰਘ ਕਿਸਾਨ ਆਗੂ, ਕੁਲਦੀਪ ਸਿੰਘ ਚੇਅਰਮੈਨ ਬਲਾਕ ਸੰਮਤੀ ਮਾਨਸਾ, ਜਸਵੀਰ ਸਿੰਘ ਸੇਵਾ ਮੁਕਤ ਸਕੱਤਰ ਮਾਰਕੀਟ ਕਮੇਟੀ, ਗੁਰਤੇਜ ਸਿੰਘ ਸਾਬਕਾ ਸਰਪੰਚ, ਸਰੋਜ ਰਾਣੀ, ਅਤੇ ਆਤਮਾ ਸਿੰਘ ਪਮਾਰ ਸੇਵਾ ਮੁਕਤ ਅਧਿਆਪਕ, ਸਮੂਹ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ, ਗ੍ਰਾਮ ਪੰਚਾਇਤ ਸਮਾਓ, ਵੱਡੀ ਗਿਣਤੀ ਮਾਪੇ ਤੇ ਸਕੂਲ ਵਿਦਿਆਰਥੀ ਵੀ ਹਾਜ਼ਰ ਸਨ।