ਭਾਕਿਯੂ ਏਕਤਾ ਡਕੌਂਦਾ ਨੇ ਕੀਤੀਆਂ ਵਿਚਾਰਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Sun, 11 Jan 2026 05:42 PM (IST)
Updated Date: Mon, 12 Jan 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭੀਖੀ ਬਲਾਕ ਦੇ ਪਿੰਡਾਂ ਰੱਲਾ, ਅਨੂਪਗੜ੍ਹ ਵਿੱਚ ਮੋਦੀ ਸਰਕਾਰ ਵੱਲੋਂ ਭੇਜੇ ਲੋਕ ਵਿਰੋਧੀ ਤਿੰਨ ਬਿਲਾਂ ਦੇ ਸੰਬੰਧ ‘ਚ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਕਲਾਂ ਦੀ ਅਗਵਾਈ ’ਚ ਮੀਟਿੰਗ ਕਰਵਾਈ ਗਈ। ਇਸ ਮੌਕੇ ਬਿੱਲਾਂ ਬਾਰੇ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਨ੍ਹਾਂ ਬਿਜਲੀ ਬਿਲ, ਬੀਜ ਬਿੱਲ ਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰਾਹੀ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਚਿਹਰਾ ਸਾਫ਼ ਨਜ਼ਰੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਬਿਲ ਹਰ ਵਰਗ ਨੂੰ ਪ੍ਰਭਾਵਿਤ ਕਰ ਰਿਹਾ ਹੈ। ਭਵਿੱਖ ਵਿੱਚ ਸਲੈਬ ਸਿਸਟਮ ਦਾ ਭੋਗ ਪਾਉਣ, ਕਰਾਸ ਸਬਸਿਡੀ ਨੂੰ ਖ਼ਤਮ ਕਰਨ ਅਤੇ ਪ੍ਰੀਪੇਡ ਮੀਟਰਾਂ ਨੂੰ ਮਾਨਤਾ ਦਿੰਦਾ ਹੈ, ਉਥੇ ਹੀ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਖੜ੍ਹਾ ਕੀਤਾ ਢਾਂਚਾ ਵੀ ਨਿੱਜੀ ਕੰਪਨੀਆਂ ਨੂੰ ਦੇਣ ਦੀ ਹਾਮੀ ਭਰਦਾ ਹੈ। ਇਸ ਦਾ ਮਤਲਬ ਹੈ ਕਿ ਨੇੜ ਭਵਿੱਖ ਵਿੱਚ ਬਿਜਲੀ ਇੱਕ ਬੁਨਿਆਦੀ ਲੋੜ ਦੀ ਥਾਂ ਬਜ਼ਾਰੂ ਵਸਤੂ ਬਣਨ ਜਾ ਰਹੀ ਹੈ। ਬਲਾਕ ਖਜ਼ਾਨਚੀ ਕਾਲਾ ਸਿੰਘ ਅਕਲੀਆ ਨੇ ਕਿਹਾ ਕਿ ਜਿੱਥੇ ਬੀਜ ਬਿੱਲ ਟੇਢੇ ਵਿੰਗੇ ਤਰੀਕੇ ਨਾਲ ਕਿਸਾਨੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਬਰਾਬਰ ਪ੍ਰਾਈਵੇਟ ਫ਼ਰਮਾਂ ਨੂੰ ਪ੍ਰਯੋਗ ਕਰਨ ਦੀ ਮਾਨਤਾ ਤੇ ਬਹੁਕੌਮੀ ਕੰਪਨੀਆਂ ਨੂੰ ਬਿਨ੍ਹਾਂ ਰਜਿਸਟ੍ਰੇਸ਼ਨ ਦੇ ਬੀਜ ਵੇਚਣ ਦੀ ਖੁੱਲ੍ਹ ਦੇਣਾ ਆਦਿ ਅਸਲ ’ਚ ਬੀਜਾਂ ਨੂੰ ਕਾਰਪੋਰੇਟ ਦੇ ਹਵਾਲੇ ਕਰਕੇ ਕਿਸਾਨੀ ਨੂੰ ਖੇਤੀ ਵਿੱਚੋਂ ਬਾਹਰ ਕਰਨ ਦਾ ਇੱਕ ਢੰਗ ਹੈ ਉੱਥੇ ਹੀ ਮਜ਼ਦੂਰਾਂ ਨੂੰ ਕਿਰਕ ਕਾਨੂੰਨ ਰਾਹੀ ਬੰਧੂਆ ਮਜ਼ਦੂਰ ਬਣਾ ਕੇ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ । ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅਨੂਪਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ 8 ਘੰਟਿਆਂ ਦੇ ਕਾਨੂੰਨ ਨੂੰ ਬਦਲ ਕੇ 12 ਘੰਟੇ ਲਾਗੂ ਕਰਨ ਨੂੰ ਉਤਾਰੂ ਹੈ। ਇਸ ਨਾਲ ਨੇੜ ਭਵਿੱਖ ਵਿੱਚ ਕਿਰਤੀ ਜਮਾਤ ਤਕਰੀਬਨ 33 ਫ਼ੀਸਦੀ ਰੁਜ਼ਗਾਰ ਤੋਂ ਵਾਂਝੀ ਹੋ ਜਾਵੇਗੀ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ 16 ਜਨਵਰੀ ਨੂੰ ਮਾਨਸਾ ਡੀਸੀ ਦਫ਼ਤਰ ਵਿਖੇ ਹੋ ਰਹੇ ਬਿਲਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ’ਚ ਪੁੱਜਣ ਦਾ ਹੋਕਾ ਦਿੱਤਾ। ਇਸ ਮੌਕੇ ਗੁਰਜੀਤ ਸਿੰਘ, ਤਾਰਾ ਸਿੰਘ, ਗੁਰਜੰਟ ਸਿੰਘ, ਗੁਰਪਿਆਰ ਸਿੰਘ, ਬਿੰਦਰ ਸਿੰਘ, ਬੂਟਾ ਸਿੰਘ, ਜਗਤਾਰ ਸਿੰਘ, ਮਿੱਠੂ ਦਾਸ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮੌਜੂਦ ਰਹੇ।