- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ :
ਭਾਕਿਯੂ ਏਕਤਾ ਡਕੌਂਦਾ ਦੀ ਬਲਾਕ ਭੀਖੀ ਤੇ ਮਾਨਸਾ ਦੀ ਮੀਟਿੰਗ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਤੇ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਖੂਹੀ ਵਾਲਾ ਡੇਰਾ ਨੇੜੇ ਕੈਂਚੀਆਂ ਵਿਖੇ ਹੋਈ। ਮੀਟਿੰਗ ਵਿੱਚ ਸਾਰੀਆਂ ਪਿੰਡ ਕਮੇਟੀਆਂ ਨੇ ਸ਼ਮੂਲੀਅਤ ਕੀਤੀ। ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਵੱਲੋਂ ਬਿਜਲੀ ਸੋਧ ਬਿੱਲ-2025, ਬੀਜ ਬਿੱਲ-2025 ਤੇ 4 ਲੇਬਰ ਕੋਡ ਲਾਗੂ ਕਰਨ ਦੀ ਨੀਤੀ ਲੋਕ ਵਿਰੋਧੀ ਹੈ, ਜਿਸਦੇ ਵਿਰੋਧ ’ਚ ਬੀਕੇਯੂ ਏਕਤਾ ਡਕੌਂਦਾ ਵੱਲੋਂ ਐੱਸਕੇਐੱਮ ਦੇ ਸੱਦੇ ’ਤੇ ਕੀਤੇ ਜਾ ਰਹੇ ਡੀਸੀ ਦਫ਼ਤਰਾਂ ਅੱਗੇ 16 ਦਸੰਬਰ ਦੇ ਵਿਸ਼ਾਲ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਬਿੱਲਾਂ ਬਾਰੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਬਿਜਲੀ ਦੇ ਵੰਡ ਦੇ ਨਾਂ ਹੇਠ ਪ੍ਰਾਈਵੇਟ ਕੰਪਨੀਆਂ ਦੀ ਇਜ਼ਾਰੇਦਾਰੀ ਨੂੰ ਖੁੱਲ੍ਹ ਦੇ ਰਹੀ ਹੈ। ਇਸ ਰਾਹੀਂ ਲੋਕਾਂ ਦੀ ਬੁਨਿਆਦੀ ਲੋੜ, ਲੋਕਾਂ ਤੋਂ ਭਵਿੱਖ ਵਿੱਚ ਖੋਹੀ ਜਾਵੇਗੀ। ਇਸ ਬਿੱਲ ਹੇਠ ਪ੍ਰਾਈਵੇਟ ਕੰਪਨੀਆਂ ਬੇਲੋੜੀਆਂ ਸ਼ਰਤਾਂ ਤੇ ਬੇਲੋੜੀਆਂ ਕੀਮਤਾਂ ਨਿਰਧਾਰਿਤ ਕਰਕੇ ਆਮ ਲੋਕਾਂ ਦੀ ਕਿਰਤ ਦੀ ਵੱਡੀ ਪੱਧਰ ’ਤੇ ਲੁੱਟ ਕਰਨਗੀਆਂ। ਸੀਡ ਬਿੱਲ-2025 ਬਾਰੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਬੀਜਾਂ ਦੀ ਗੁਣਵੱਤਾ, ਨਕਲੀ ਬੀਜ਼ਾਂ ’ਤੇ ਪਾਬੰਦੀ ਅਤੇ ਰਜਿਸਟ੍ਰੇਸ਼ਨ ਦੇ ਨਾਂ ’ਤੇ ਅਸਲ ’ਚ ਮਲਟੀਨੈਸ਼ਨਲ ਕੰਪਨੀਆਂ ਦਾ ਬੀਜਾਂ ’ਤੇ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਸਰਕਾਰ ਦੀ ਨੀਅਤ ਇਸ ਬਿੱਲ ਵਿੱਚ ਸਾਫ਼ ਝਲਕਦੀ ਹੈ। ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਨਵੇਂ ਬੀਜ਼, ਵਾਜਬ ਕੀਮਤਾਂ ਤੇ ਪ੍ਰਯੋਗਸ਼ਾਲਾਵਾਂ ਰਾਹੀਂ ਕਿਸਾਨਾਂ ਦੀ ਜ਼ਿੰਦਗੀ ਸੁਖਾਲੀ ਕਰਨ ਵਾਲੀਆਂ ਯੂਨੀਵਰਸਿਟੀਆਂ ਨੂੰ ਜਾਂ ਤਾਂ ਨਿੱਜੀਕਰਨ ਕੀਤਾ ਜਾ ਰਿਹਾ ਹੈ ਤੇ ਜਾਂ ਪੂਰਨ ਤੌਰ ‘ਤੇ ਬੰਦ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ 4 ਲੇਬਰ ਕੋਡ ਬਿਲ ਮਜ਼ਦੂਰਾਂ ਦੇ ਜੀਵਨ ਪੱਧਰ ਉੱਚਾ ਚੱਕਣ ਦੀ ਬਜਾਏ ਮਜ਼ਦੂਰਾਂ ਨੂੰ ਬੰਧੂਆਂ ਮਜ਼ਦੂਰ ਬਣਾਏਗਾ। ਸਰਕਾਰ, ਕਿਰਤੀ ਜਮਾਤ ਦੀ ਮਾਨਸਿਕ ਸਰੀਰਕ ਤੇ ਆਰਥਿਕ ਲੁੱਟ ਕਰਨ ਨੂੰ ਉਤਾਰੂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਲੋਕ ਮਾਰੂ ਪੈਂਤੜਿਆਂ ਨੂੰ ਕਦਾਚਿੱਤ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਰਦਾਸ਼ਤ ਨਹੀਂ ਕਰੇਗੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਫ਼ਰੰਟ ’ਤੇ ਆਪਣਾ ਬਣਦਾ ਯੋਗਦਾਨ ਦੇ ਕੇ ਇਨ੍ਹਾਂ ਬਿੱਲਾਂ ਦੀ ਵਿਰੋਧ ਵਿੱਚ ਲੜਾਈ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਬਲਾਕ ਆਗੂ ਮਹਿੰਦਰ ਸਿੰਘ ਬਰਜਰਾਠੀ, ਚੇਤ ਸਿੰਘ ਚਕੇਰੀਆਂ, ਲੀਲਾ ਸਿੰਘ ਮੂਸਾ, ਕਾਕਾ ਸਿੰਘ ਖਿਆਲਾ, ਕਾਲਾ ਸਿੰਘ ਅਕਲੀਆ, ਦਰਸ਼ਨ ਸਿੰਘ ਰੜ, ਰਾਵਲ ਸਿੰਘ ਕੋਟਲਾ, ਅਵਤਾਰ ਸਿੰਘ ਅਤਲਾ ਕਲਾਂ, ਅਵਤਾਰ ਸਿੰਘ ਢੈਪੱਈ, ਗੁਰਜੀਤ ਸਿੰਘ ਰੱਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ।