ਆਜ਼ਾਦੀ ਘੁਲਾਟੀ ਉੱਤਰਾਧਿਕਾਰੀ ਸੰਸਥਾ ਨੇ ਕੀਤੀ ਮੀਟਿੰਗ
ਆਜ਼ਾਦੀ ਘੁਲਾਟੀ ਉੱਤਰਾਧਿਕਾਰੀ ਸੰਸਥਾ
Publish Date: Mon, 05 Jan 2026 05:57 PM (IST)
Updated Date: Tue, 06 Jan 2026 04:05 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਆਜ਼ਾਦੀ ਘੁਲਾਟੀ ਉੱਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਵਿੱਚ ਅਹਿਮ ਫ਼ੈਸਲਾ ਲਿਆ। ਇਸ ਮੌਕੇ ਸੰਸਥਾ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਵੱਲੋਂ ਕਿਹਾ ਗਿਆ ਕਿ ਸਾਨੂੰ ਲੜੀਵਾਰ ਧਰਨੇ ਸਬੰਧੀ ਫ਼ੈਸਲਾ ਮਜ਼ਬੂਰੀ ’ਚ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੰਨ੍ਹਾਂ ਵੱਲੋਂ ਹਮੇਸ਼ਾ ਦੇਸ਼ ਭਗਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਦਿਲੋਂ ਪ੍ਰੇਮ ਅਤੇ ਸਤਿਕਾਰ ਕਰਦੇ ਹੋਣ ਦੀ ਗੱਲ ਕਹੀ ਜਾਂਦੀ ਹੈ। ਪਰ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਸਰਕਾਰ ਦੇ ਚਾਰ ਸਾਲ ਦੇ ਨੇੜੇ ਹੋਣ ‘ਤੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨਾਲ ਇੱਕ ਮੀਟਿੰਗ ਤੱਕ ਕਰਕੇ ਉਨ੍ਹਾਂ ਨੂੰ ਸਨਮਾਨ ਤੱਕ ਨਹੀਂ ਦਿੱਤਾ ਗਿਆ। ਜੇਕਰ ਮੁੱਖ ਮੰਤਰੀ ਸਾਨੂੰ ਸਨਮਾਨ ਨਹੀਂ ਦੇ ਸਕਦੇ ਤਾਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ ਫ਼ੈਸਲਾ ਲਿਆ ਹੈ ਕਿ ਉਹ ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਿੱਚ ਤਾਂ ਸ਼ਾਮਲ ਹੋਣਗੇ, ਪਰ ਕੋਈ ਸਮਾਨ ਨਹੀਂ ਲਿਆ ਜਾਵੇਗਾ। ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਉਹ ਕੋਈ ਭਿਖਾਰੀ ਨਹੀਂ ਹਨ, ਜੋ ਸਮਾਨ ਲੈਣ ਤੇ ਹੀ ਚੁੱਪ ਕਰਕੇ ਬੈਠ ਜਾਣਗੇ। ਉਨ੍ਹਾਂ ਕਿਹਾ ਹੈ ਕਿ ਸਾਨੂੰ ਸਮਾਨ ਨਹੀਂ ਸਨਮਾਨ ਦੀ ਜ਼ਰੂਰਤ ਹੈ। ਸਾਡਾ ਹੱਕ ਹੈ। ਸਰਕਾਰ ਦੀਆਂ ਕੁਰਸੀਆਂ ਤੇ ਬੈਠਣ ਵਾਲੇ ਇਨਸਾਨ ਇਹ ਭੁੱਲ ਗਏ ਹਨ ਕਿ ਜੇਕਰ ਦੇਸ਼ ਨੂੰ ਕਿਸੇ ਨੇ ਆਜ਼ਾਦ ਕਰਵਾਇਆ ਹੈ ਤਾਂ ਹੀ ਉਨ੍ਹਾਂ ਨੂੰ ਕੁਰਸੀਆਂ ਤੇ ਬੈਠਣ ਦਾ ਮੌਕਾ ਮਿਲਿਆ ਹੈ। ਮਾਨਸਾ ਜ਼ਿਲ੍ਹਾ ਜਥੇਬੰਦੀ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ।