ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ
Publish Date: Mon, 23 Mar 2026 06:33 PM (IST)
Updated Date: Tue, 24 Mar 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ; ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਮਾਨਸਾ, ਭੀਖੀ ਅਤੇ ਜੋਗਾ ਦੇ ਸਾਥੀਆਂ ਵੱਲੋਂ ਮਾਨਸਾ ਵਿਖੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਜ਼, ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਵੱਖ ਵੱਖ ਵਰਗਾਂ ਦੀਆਂ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸਾਂਝੇ ਫ਼ੋਰਮ ਦੇ ਸੂਬਾਈ ਫ਼ੈਸਲੇ ਅਨੁਸਾਰ ਮਨਾਇਆ ਗਿਆ। ਇਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪਿਰਤ ਅਨੁਸਾਰ ਜੋਸ਼ੋ ਖਰੋਸ਼ ਨਾਲ ਅਕਾਸ਼ ਗੁੰਜਾਊ ਇਨਕਲਾਬੀ ਨਾਅਰਿਆਂ ਦੀ ਗੂੰਜ ’ਚ ਸ਼ਮੂਲੀਅਤ ਕੀਤੀ ਅਤੇ ਸ਼ਹੀਦਾਂ ਦੇ ਬੁੱਤ ’ਤੇ ਫੁੱਲ ਮਾਲਾ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਮੌਜੂਦਾ ਹਾਲਤਾਂ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਕਾਰਪੋਰੇਟ ਪੱਖੀ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਸਿਹਤ ਸੇਵਾਵਾਂ ਤੇ ਸਿੱਖਿਆ ਵਰਗੀਆਂ ਪਬਲਿਕ ਸੈਕਟਰ ਦੀਆਂ ਸੇਵਾਵਾਂ ਦੀ ਅਣਹੋਂਦ ਕਾਰਨ ਸੰਘਰਸ਼ ਕਰਨ ਲਈ ਮਜ਼ਬੂਰ ਹੈ। ਦੂਜੇ ਪਾਸੇ ਟਰੰਪ ਅਤੇ ਸਾਮਰਾਜੀ ਤਾਕਤਾਂ ਵੱਲੋਂ ਹਥਿਆਰਾਂ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਅਤੇ ਕਮਜ਼ੋਰ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਤੇ ਕਾਬਜ਼ ਹੋਣ ਲਈ ਜੰਗ ਵਿੱਚ ਝੋਕਿਆ ਜਾ ਰਿਹਾ ਹੈ, ਜਿਸ ਦਾ ਸੇਕਾ ਦੁਨੀਆ ਭਰ ਦੇ ਲੋਕ ਨੂੰ ਝੱਲਣ ਲਈ ਮਜ਼ਬੂਰ ਹਨ। ਉਨ੍ਹਾਂ ਸੱਦਾ ਦਿੰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਭਵਿੱਖ ਦੀ ਵਿਉਂਤਬੰਦੀ ਲਈ ਵੱਡੀ ਜੱਥੇਬੰਦਕ ਲਾਮਬੰਦੀ ਦੀ ਲੋੜ ਹੈ। ਇਸ ਸਮੇਂ ਬੁਲਾਰਿਆਂ ਨੇ ਐਸੋਸੀਏਸ਼ਨ ਦੀ ਪਿਰਤ ਅਨੁਸਾਰ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਫ਼ਲੇ ਸਮੇਤ ਸ਼ਮੂਲੀਅਤ ਕਰਕੇ ਸਾਂਝੇ ਤੌਰ ਤੇ ਮਨਾਏ ਗਏ 'ਸਾਮਰਾਜ ਵਿਰੋਧੀ ਦਿਵਸ' ਸਮੁੱਚੇ ਵਿਸ਼ਵ ਵਿੱਚ ਸਰਮਾਏਦਾਰੀ ਤਾਕਤਾਂ ਖਿਲਾਫ਼ ਡਟਣ ਲਈ ਸਾਂਝਾ ਸੱਦਾ ਹੈ। ਇਸ ਮੌਕੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਸੱਤ ਪਾਲ ਰਿਸ਼ੀ, ਜ਼ਿਲ੍ਹਾ ਕੈਸ਼ੀਅਰ ਅਮਰੀਕ ਸਿੰਘ ਮਾਖਾ, ਬਲਾਕ ਭੀਖੀ ਦੇ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਸਕੱਤਰ ਪਾਲ ਸਿੰਘ ਧਲੇਵਾਂ, ਕੈਸ਼ੀਅਰ ਮਨਜੀਤ ਸਿੰਘ ਚਹਿਲ, ਪ੍ਰੈਸ ਸਕੱਤਰ ਜਸਵੰਤ ਸਿੰਘ ਮੂਲੇਵਾਲਾ, ਬਲਾਕ ਜੋਗਾ ਦੇ ਪ੍ਰਧਾਨ ਗੁਰਬਿੰਦਰ ਸਿੰਘ, ਸਕੱਤਰ ਸੁਖਪਾਲ ਸਿੰਘ, ਬਲਾਕ ਮਾਨਸਾ ਦੇ ਰਵੀ ਖਾਨ, ਚੇਅਰਮੈਨ ਗੁਰਨਾਮ ਸਿੰਘ ਅਤੇ ਹਰਜਿੰਦਰ ਸਿੰਘ ਅਨੂਪਗੜ੍ਹ, ਗੁਰਦੀਪ ਸਿੰਘ ਅਕਲੀਆ, ਸੁਖਬੀਰ ਸਿੰਘ ਆਦਿ ਸਾਥੀਆਂ ਨੇ ਸ਼ਮੂਲੀਅਤ ਕੀਤੀ।