ਭਵਿੱਖੀ ਚੁਣੌਤੀਆਂ ਲਈ ਲਾਮਬੰਦੀ ਮਜ਼ਬੂਤ ਕਰਨ ਦਾ ਦਿੱਤਾ ਸੱਦਾ : ਗੋਇਲ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ
Publish Date: Fri, 06 Feb 2026 06:36 PM (IST)
Updated Date: Sat, 07 Feb 2026 04:06 AM (IST)

-ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ 12 ਫਰਵਰੀ ਦੇ ਸੱਦੇ ’ਤੇ ਦੇਸ਼ ਪੱਧਰੀ ਹੜਤਾਲ ਦੀ ਹਮਾਇਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਮਲ ਗੋਇਲ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ, ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਚੇਅਰਮੈਨ ਐਚਐਸ ਰਾਣੂ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ ਤੇ ਸੀਆਰ ਸ਼ੰਕਰ, ਮੀਤ ਪ੍ਰਧਾਨ ਦਿਲਦਾਰ ਸਿੰਘ ਚਾਹਲ ਅਤੇ ਲੀਗਲ ਐਡਵਾਈਜ਼ਰ ਜਸਵਿੰਦਰ ਸਿੰਘ ਭੋਗਲ ਨੇ ਕਿਹਾ ਕਿ 12 ਫ਼ਰਵਰੀ ਨੂੰ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਹਰ ਵਰਗ ਦੇ ਕਿਰਤੀਆਂ ਦੀਆਂ ਮੰਗਾਂ ਸਬੰਧੀ ਦੇਸ਼ ਪੱਧਰੀ ਹੜਤਾਲ ਦੇ ਸੱਦੇ ਦਾ ਪੁਰਜ਼ੋਰ ਸਮੱਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ 25 ਕਰੋੜ ਮਜ਼ਦੂਰਾਂ ਦੇ ਹਿੱਤਾਂ ਨਾਲ ਧਰੋਹ ਕਰਕੇ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਭੁਗਤ ਰਹੀ ਹੈ। ਇੱਕ ਪਾਸੇ ਦੇਸ਼ ਦੇ ਜਲ, ਜੰਗਲ, ਜ਼ਮੀਨ ਅਤੇ ਕੁਦਰਤੀ ਖਜ਼ਾਨਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਮੁਫ਼ਤ ਦੇ ਭਾਅ ਲੁਟਾ ਰਹੀ ਹੈ। ਪਬਲਿਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਨੂੰ ਦਬਾਇਆ ਜਾ ਰਿਹਾ ਹੈ। ਦੇਸ਼ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ, ਭੁੱਖਮਰੀ ਅਤੇ ਅਨਪੜ੍ਹਤਾ ਵਰਗੀਆਂ ਅਲਾਮਤਾਂ ਨਾਲ ਜੂਝ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਚਾਰ ਕੋਡਾ ਵਿੱਚ ਬਦਲਣਾ ਆਊਟ ਸੋਰਸਿੰਗ ਰਾਹੀਂ ਭਰਤੀ ਕਰਨੀ, ਪੈਨਸ਼ਨ ਬਹਾਲੀ ਨਾ ਕਰਨੀ, ਨਰੇਗਾ ਕਾਨੂੰਨਾਂ ਵਿਚ ਬੇਲੋੜੀਆਂ ਸੋਧਾਂ ਕਰਕੇ ਮਜ਼ਦੂਰ ਜਮਾਤ ਦੇ ਹੱਕੀ ਮੰਗਾਂ ਨਾਲ ਕੀਤੇ ਵਾਅਦਿਆਂ ਦੀ ਵਾਅਦਾਖਿਲਾਫ਼ੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸਿੰਗ ਰਾਹੀਂ ਭਰਤੀ ਬੰਦ ਕੀਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕਿਰਤ ਕਾਨੂੰਨਾਂ ਵਿਚ ਕੀਤੀਆਂ ਬੇਲੋੜੀਆਂ ਸੋਧਾਂ ਰੱਦ ਕੀਤੀਆਂ ਜਾਣ। ਉਨ੍ਹਾਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰੀ ਟਰੇਡ ਯੂਨੀਅਨ ਦੀ ਹੜਤਾਲ ਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਆਪਣੇ ਆਪਣੇ ਇਲਾਕੇ ’ਚ ਇਲਾਕਾ ਪੱਧਰੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ ਅਤੇ ਭਵਿੱਖੀ ਦਰਪੇਸ਼ ਚਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਜੱਥੇਬੰਦਕ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹੋਰ ਮਜ਼ਬੂਤੀ, ਸੁਹਿਰਦਤਾ, ਸਹਿਣਸ਼ੀਲਤਾ ਤੇ ਨਿੱਜਤਾ ਤੋਂ ਉੱਪਰ ਉੱਠ ਕੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਕਿੱਤੇ ਦੀ ਮਾਨਤਾ ਦੇ ਸੰਘਰਸ਼ ਦੇ ਨਾਲ ਨਾਲ ਸੂਬੇ ਭਰ ਵਿੱਚ ਸਾਡੇ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਵੀ ਜਾਰੀ ਰੱਖ ਸਕੀਏ। ਦੇਸ਼ ਦੇ ਹਾਕਮਾਂ ਵੱਲੋਂ ਲਿਆਂਦੇ ਜਾ ਰਹੇ ਲੋਕ ਅਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਲੜੇ ਜਾ ਰਹੇ ਸਾਂਝੇ ਸੰਘਰਸ਼ ਵਿੱਚ ਵੀ ਹੋਰ ਤਨਦੇਹੀ ਨਾਲ ਬਣਦਾ ਯੋਗਦਾਨ ਪਾ ਸਕੀਏ।