ਮਾਤਾ ਗੁਜਰੀ ਭਲਾਈ ਕੇਂਦਰ ਨੇ ਰਾਸ਼ਨ ਕਾਰਡ ਵੰਡੇ
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ
Publish Date: Tue, 31 Mar 2026 06:19 PM (IST)
Updated Date: Wed, 01 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਅਪਣਾਏ 225 ਲੋੜਵੰਦ ਪਰਿਵਾਰਾਂ ਨੂੰ ਸਾਲ ਭਰ ਲਈ ਰਾਸ਼ਨ ਕਾਰਡਾਂ ਦੀ ਵੰਡ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸਮਾਗਮ ਉਪਰੰਤ ਸ਼ੁਰੂ ਕੀਤੀ ਗਈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਦੱਸਿਆ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੰਡ ਛਕੋ ਦੇ ਸੰਦੇਸ਼ ਤੇ ਚਲਦੀ ਹੋਈ 2015 ਤੋਂ ਵਿਧਵਾ ਅਤੇ ਅੰਗਹੀਣ ਬੇਸਹਾਰਾ ਲੋੜਵੰਦ 225 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਬੱਚਿਆਂ ਦਾ ਪੜ੍ਹਾਈ ਖਰਚਾ, ਦਵਾਈ ਖਰਚਾ, ਮਕਾਨਾਂ ਦੀ ਮੁਰੰਮਤ ਅਤੇ ਬੱਚੀਆਂ ਦੇ ਵਿਆਹ ਆਦਿ ਸੇਵਾਵਾਂ ਦਿੰਦੀ ਹੈ। ਉਸ ਲਈ ਹਰ ਸਾਲ ਅਪ੍ਰੈਲ ਤੋਂ ਨਵੇਂ ਕਾਰਡ ਬਣਾਏ ਜਾਂਦੇ ਹਨ, ਜਿਸ ਤਹਿਤ ਅੱਜ ਨਵੇਂ ਕਾਰਡ ਬਨਾਉਣ ਦੀ ਰਸਮ ਸ਼ੁਰੂ ਕੀਤੀ ਗਈ। ਇਸ ਨਾਲ ਇਹ ਪਰਿਵਾਰ ਹਰ ਮਹੀਨੇ ਆਪਣੀ ਮਿਥੀ ਦੁਕਾਨ ਤੋਂ ਜਾ ਕੇ ਰਾਸ਼ਨ ਲੈ ਸਕਦੇ ਹਨ। ਸੰਸਥਾ ਮੈਂਬਰ ਕੁਲਵਿੰਦਰ ਸਿੰਘ ਈਓ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਸੰਸਥਾ ਦੇ ਹੋਰ ਵੀ ਕਈ ਕਾਰਜ ਹਨ। ਮਰੀਜ਼ਾਂ ਦਾ ਇਲਾਜ, ਮਕਾਨਾਂ, ਸੜਕਾਂ ਦੀ ਮੁਰੰਮਤ, ਪਾਣੀਆਂ ਦੀ ਸੇਵਾ, ਸ਼ਵ ਵੈਨ ਅਤੇ ਪਾਲਕੀ ਸਾਹਿਬ ਦੀ ਸੇਵਾ ਸਮੇਤ 41 ਪ੍ਰੋਜੈਕਟ ਹਨ। ਮਹਿਲਾ ਦਿਵਸ ਮੌਕੇ 8 ਮਾਰਚ ਨੂੰ 13 ਲੋੜਵੰਦ ਬੱਚੀਆਂ ਦੇ ਵਿਆਹ ਵੀ ਕੀਤੇ ਗਏ ਸਨ। ਇਹ ਸਭ ਕੁਝ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ। ਉਹਨਾਂ ਦੱਸਿਆ ਕਿ 6 ਅਪ੍ਰੈਲ ਨੂੰ ਮਹਾਂਪੁਰਸ਼ ਸੰਤ ਬਲਬੀਰ ਸਿੰਘ ਸੀਚੇਵਾਲ ਲੋੜਵੰਦ ਬੱਚਿਆਂ ਲਈ ਬਣਾਈ ਜਾ ਰਹੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਅੱਜ ਸਮਾਗਮ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਾਰਡਾਂ ਦੇ ਨਾਲ ਦੋ ਦੋ ਸੂਟ ਅਤੇ ਪੜਦੇ ਬੱਚਿਆਂ ਲਈ ਸਟੇਸ਼ਨਰੀ ਵੀ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮਾਸਟਰ ਬਲਬੀਰ ਸਿੰਘ ਸਰਾਂ, ਪਰਮਜੀਤ ਸਿੰਘ ਅਨੇਜਾ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਮੈਂਬਰ ਅਤੇ ਮਾਤਾ ਸਾਹਿਬ ਕੌਰ ਜੀ ਸਤਿਸੰਗ ਸਭਾ ਦੀਆਂ ਬੀਬੀਆਂ ਹਾਜ਼ਰ ਸਨ।