- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ

-ਲੇਬਰ ਕੋਡ ਰੱਦ ਕਰਨ, ਪੁਰਾਣੀ ਪੈਨਸ਼ਨ ਬਹਾਲੀ ਅਤੇ ਨਰੇਗਾ ਬਚਾਉਣ ਲਈ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼
ਪੱਤਰ ਪ੍ਰੇਰਕ ਪੰਜਾਬੀ ਜਾਗਰਣ
ਮਾਨਸਾ : ਕੇਂਦਰ ਸਰਕਾਰ ਦੇਸ਼ ਦੇ ਜਨਤਕ ਅਦਾਰਿਆਂ ਅਤੇ ਕੁਦਰਤੀ ਸਾਧਨਾਂ ਨੂੰ ਦੇਸੀ, ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਕੇ ਆਮ ਨਾਗਰਿਕਾਂ ਦੀ ਲੁੱਟ ਕਰਵਾ ਰਹੀ ਹੈ। ਅੱਜ ਬਾਬਾ ਬੂਝਾ ਸਿੰਘ ਭਵਨ, ਕਚਹਿਰੀ ਰੋਡ ਮਾਨਸਾ ਵਿਖੇ ਕੀਤੀ ਗਈ ਸਾਂਝੀ ਕਨਵੈਨਸ਼ਨ ਵਿੱਚ ਇਹ ਸ਼ਬਦਾਂ ਦਾ ਪ੍ਰਗਟਾਵਾ ਬੁਲਾਰਿਆਂ ਨੇ ਕੀਤਾ। ਕਨਵੈਨਸ਼ਨ ਵਿੱਚ ਜ਼ਿਲ੍ਹੇ ਭਰ ਤੋਂ ਸੈਂਕੜੇ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕਰਦਿਆਂ 12 ਫ਼ਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਇਤਿਹਾਸਕ ਤੌਰ 'ਤੇ ਸਫ਼ਲ ਬਣਾਉਣ ਦਾ ਐਲਾਨ ਕੀਤਾ। ਕਨਵੈਨਸ਼ਨ ਦੀ ਪ੍ਰਧਾਨਗੀ ਕਾ. ਕ੍ਰਿਸ਼ਨ ਚੌਹਾਨ ਏਟਕ, ਕਾ. ਰਾਜਵਿੰਦਰ ਸਿੰਘ ਰਾਣਾ (ਏਕਟੂ), ਕਾ. ਸਵਰਨਜੀਤ ਸਿੰਘ ਦਲਿਓਂ (ਸੀਟੂ), ਕਾ. ਲਾਲ ਚੰਦ (ਸੀਟੀਯੂ) ਅਤੇ ਨਿਰਮਲ ਸਿੰਘ ਝੰਡੂਕੇ (ਸੰਯੁਕਤ ਕਿਸਾਨ ਮੋਰਚਾ) ਦੇ ਅਧਾਰਿਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਾ. ਕੁਲਵਿੰਦਰ ਸਿੰਘ ਉੱਡਤ ਏਟਕ ਅਤੇ ਵਿਜੈ ਕੁਮਾਰ ਭੀਖੀ (ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ, ਪੰਜਾਬ) ਨੇ ਸਾਂਝੇ ਤੌਰ 'ਤੇ ਨਿਭਾਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਸੂਬਾਈ ਜਨਰਲ ਸਕੱਤਰ ਏਟਕ , ਰੁਲਦੂ ਸਿੰਘ ਮਾਨਸਾ (ਸੰਯੁਕਤ ਕਿਸਾਨ ਮੋਰਚਾ), ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾ. ਵਿਜੈ ਕੁਮਾਰ ਭੀਖੀ, ਕਾ. ਮਹੀਪਾਲ ਸਿੰਘ ਬਠਿੰਡਾ (ਸੀਟੀਯੂ ਪੰਜਾਬ), ਅਤੇ ਕਾ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਜਨਤਕ ਅਦਾਰਿਆਂ ਅਤੇ ਕੁਦਰਤੀ ਸਾਧਨਾਂ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਕੇ ਆਮ ਨਾਗਰਿਕਾਂ ਦੀ ਲੁੱਟ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹਨ। ਇਹ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਦੁਕਾਨਦਾਰਾਂ ਨੂੰ ਉਜਾੜਨ ਦੀਆਂ ਨੀਤੀਆਂ ਹਨ। ਇਹ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਇੱਕ ਜੇਤੂ ਅਤੇ ਵਿਆਪਕ ਕਿਸਾਨ ਅੰਦੋਲਨ ਵਾਂਗ ਦੇਸ਼ ਪੱਧਰੀ ਏਕਾ ਕਰਕੇ ਇੱਕ ਵੱਡੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ 12 ਫ਼ਰਵਰੀ ਦੀ ਹੜਤਾਲ ਨੂੰ ਸਫ਼ਲ ਕਰਨ ਲਈ ਵਿਆਪਕ ਏਕੇ ਨੂੰ ਮਜ਼ਬੂਤ ਕਰਦੇ ਹੋਏ ਸੰਘਰਸ਼ ਨੂੰ ਪਿੰਡ ਪਿੰਡ ਪੱਧਰ ਤੇ ਸਮਾਜਿਕ ਏਕੇ ਲਈ ਲਾਮਬੰਦੀ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਬਣਾਏ ਗਏ 4 ਲੇਬਰ ਕੋਡ ਮਜ਼ਦੂਰਾਂ ਨੂੰ ਗੁਲਾਮੀ ਵੱਲ ਧੱਕਣਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਮੁਲਾਜ਼ਮਾਂ ਦਾ ਭਵਿੱਖ ਉਜਾੜਿਆ ਗਿਆ ਹੈ। ਮੋਦੀ ਸਰਕਾਰ ਦੇਸ਼ ਵਿੱਚ ਕਾਰਪੋਰੇਟ ਘਰਾਣਿਆਂ ਲਈ ਲੁੱਟ ਦੇ ਸੁਰੱਖਿਅਤ ਹਥਿਆਰ ਵਜੋਂ ਪਾਲਿਸੀ ਬਣਾ ਕੇ ਲੁੱਟ ਯਕੀਨੀ ਬਣਾ ਰਹੀ ਹੈ ਤੇ ਆਪਣੇ ਫਾਂਸੀ ਹਮਲੇ ਦੀ ਨੀਤੀ ਨੂੰ ਦੇਸ਼ ਅੰਦਰ ਲਾਗੂ ਕਰ ਰਹੀ ਹੈ।
ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਕਾ. ਧੰਨਾ ਮੱਲ ਗੋਇਲ (ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ), ਕਾ. ਸਿਕੰਦਰ ਸਿੰਘ ਘਰਾਂਗਣਾ (ਪੈਨਸ਼ਨਰਜ਼ ਐਸੋਸੀਏਸ਼ਨ), ਰੂਪ ਸਿੰਘ ਢਿੱਲੋਂ, ਜੀਤ ਸਿੰਘ ਬੋਹਾ, ਗੁਰਮੀਤ ਸਿੰਘ ਨੰਦਗੜ੍ਹ, ਆਤਮਾ ਰਾਮ ਸਰਦੂਲਗੜ੍ਹ, ਅਮਰੀਕ ਫਫੜੇ, ਵੇਦ ਪ੍ਰਕਾਸ਼ (ਏਟਕ), ਕਰਨੈਲ ਸਿੰਘ ਭੀਖੀ, ਮੀਨੂ ਮਾਨਸਾ (ਆਂਗਣਵਾੜੀ ਵਰਕਰ ਆਗੂ), ਮਨਜੀਤ ਕੌਰ, ਨਰੇਸ਼ ਬੁਰਜ ਹਰੀ, ਰਘਵੀਰ ਸਿੰਘ ਭੀਖੀ, ਮੇਜਰ ਸਿੰਘ ਦੂਲੋਵਾਲ, ਬਲਵੰਤ ਸਿੰਘ ਦਲੇਲ ਸਿੰਘ ਵਾਲਾ, ਜਸਵੀਰ ਸਿੰਘ ਰਾਏਕੇ, ਮੱਖਣ ਸਿੰਘ ਮਾਨਸਾ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ (ਬੀ.ਕੇ.ਯੂ. ਲੱਖੋਵਾਲ), ਰਤਨ ਸਿੰਘ ਭੋਲਾ (ਵਪਾਰ ਮੰਡਲ), ਭਜਨ ਸਿੰਘ ਘੁੰਮਣ (ਕ੍ਰਾਂਤੀਕਾਰੀ ਕਿਸਾਨ ਯੂਨੀਅਨ), ਕਰਨੈਲ ਸਿੰਘ (ਪੰਜਾਬ ਕਿਸਾਨ ਯੂਨੀਅਨ) ਅਤੇ ਬਲਵਿੰਦਰ ਕੌਰ ਬੈਰਾਗੀ ਨੇ ਵੀ ਸੰਬੋਧਨ ਕੀਤਾ।