ਸ਼ਹਿਰ ’ਚ ਵੱਡੇ ਪੱਧਰ ’ਤੇ ਕਰਵਾਈ ਮੋਟਰਸਾਈਕਲ ਰੋਸ ਰੈਲੀ
ਦਿ ਪੰਜਾਬ ਰਾਜ ਜ਼ਿਲ੍ਹਾ ਡੀ.ਸੀ ਦਫਤਰ
Publish Date: Mon, 30 Mar 2026 06:49 PM (IST)
Updated Date: Tue, 31 Mar 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਦਿ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫਤਰ ਕਰਮਚਾਰੀ ਯੂਨੀਅਨ, ਜ਼ਿਲ੍ਹਾ ਮਾਨਸਾ ਵੱਲੋਂ ਵਿਸ਼ਾਲ ਮੋਟਰਸਾਈਕਲ ਰੋਸ ਰੈਲੀ ਕੱਢੀ। ਇਸ ਦੌਰਾਨ ਯੂਨੀਅਨ ਆਗੂਆਂ ਤੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਦਿ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ 09 ਮਾਰਚ 2026 ਦੇਰ ਰਾਤ ਉਨ੍ਹਾਂ ਦੀ ਰਿਹਾਇਸ਼ ਤੋਂ ਐੱਸਐੱਚਓ, ਜੰਡਿਆਲਾ ਗੁਰੂ ਅਤੇ ਮਲੂਕ ਸਿੰਘ ਸਿਪਾਹੀ ਆਦਿ ਵੱਲੋਂ ਘਰ ’ਚ ਮੌਜੂਦ ਮਹਿਲਾਵਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਨਾਜਾਇਜ਼ ਤੌਰ ’ਤੇ ਗ਼ੈਰ-ਮਨੁੱਖੀ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਦੇ ਵਿਰੋਧ ’ਚ ਦਿ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਸਬੰਧਿਤ ਐਸਐਚਓ ਆਦਿ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਲਈ 17 ਮਾਰਚ 2026 ਨੂੰ ਸੀਨੀਅਰ ਕਪਤਾਨ ਪੁਲਿਸ (ਦਿਹਾਤੀ), ਅੰਮ੍ਰਿਤਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ। ਇਸ ਕਾਰਨ ਸੀਨੀਅਰ ਕਪਤਾਨ ਪੁਲਿਸ (ਦਿਹਾਤੀ), ਅੰਮ੍ਰਿਤਸਰ ਵੱਲੋਂ ਇੱਕ ਸਿਟ ਦਾ ਗਠਨ ਕਰਦੇ ਹੋਏ 23 ਮਾਰਚ 2026 ਤੱਕ ਰਿਪੋਰਟ ਮੰਗਣ ਤੇ ਸਬੰਧਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੇ ਭਰੋਸੇ ਬਾਅਦ ਜਥੇਬੰਦੀ ਵੱਲੋਂ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਸੀ, ਪਰ 7 ਦਿਨਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਬੰਧਤ ਪੁਲਿਸ ਕਰਮਚਾਰੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਨਹੀਂ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਸੂਬਾ ਬਾਡੀ ਵੱਲੋਂ ਦਿੱਤੇ ਗਏ ਐਕਸ਼ਨ ਤਹਿਤ 30 ਮਾਰਚ (ਸੋਮਵਾਰ) ਨੂੰ ਦਿ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ, ਜ਼ਿਲ੍ਹਾ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਿੱਟੂ, ਜਸਵੰਤ ਸਿੰਘ, ਸੂਬਾ ਪ੍ਰੈਸ ਸਕੱਤਰ, ਪੰਜਾਬ, ਪੀਐੱਸਐੱਮਐੱਸਯੂ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰਤਾਪ ਸਿੰਘ ਖੁਡਾਲ ਦੀ ਅਗਵਾਈ ਹੇਠ ਸ਼ਹਿਰ ’ਚ ਵਿਸ਼ਾਲ ਬਾਇਕ ਰੋਸ ਰੈਲੀ ਕੀਤੀ। ਇਸ ਨਾਲ ਹੀ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਿੱਟੂ ਵੱਲੋਂ ਦੱਸਿਆ ਕਿ ਸੂਬਾ ਬਾਡੀ ਵੱਲੋਂ ਦਿੱਤੇ ਐਕਸ਼ਨ ਅਨੁਸਾਰ 2 ਅਪ੍ਰੈਲ 2026 ਨੂੰ ਸੀਨੀਅਰ ਕਪਤਾਨ ਪੁਲਿਸ (ਦਿਹਾਤੀ), ਅੰਮ੍ਰਿਤਸਰ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ ਵਿੱਚ ਕਰਮਚਾਰੀ ਸ਼ਾਮਲ ਹੋਣਗੇ। ਇਸ ਸਮੇਂ ਡੀ.ਸੀ. ਦਫਤਰ, ਮਾਨਸਾ ਦੇ ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਕੰਵਲਪ੍ਰੀਤ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਸੁਨੀਲ ਕੁਮਾਰ, ਹਰਵਿੰਦਰ ਸਿੰਘ, ਲੱਖਾ ਸਿੰਘ, ਨਰਿੰਦਰ ਸਿੰਘ, ਪਵਨ ਕੁਮਾਰ, ਪਰਮਜੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ ਗਾਗੋਵਾਲ, ਹਰਬੰਸ ਸਿੰਘ, ਸੁਖਵਿੰਦਰ ਕੌਰ, ਚੰਚਲ ਰਾਣੀ, ਹਰਬੰਸ ਕੌਰ, ਗੁਰਪ੍ਰੀਤ ਕੌਰ, ਰੀਤਿਕਾ ਰਾਣੀ, ਸੰਦੀਪ ਕੌਰ ਆਦਿ ਕਰਮਚਾਰੀ ਹਾਜ਼ਰ ਸਨ।