ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਜਾਰੀ, ਧਰਨਾ ਅੱਜ
ਮਾਰਕੀਟ ਕਮੇਟੀ ਬਰੇਟਾ ਦੇ ਸਮੂਹ ਕਰਮਚਾਰੀਆਂ
Publish Date: Wed, 11 Feb 2026 07:31 PM (IST)
Updated Date: Thu, 12 Feb 2026 04:06 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਮਾਰਕੀਟ ਕਮੇਟੀ ਬਰੇਟਾ ਦੇ ਸਮੂਹ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਇੱਕ ਹਫ਼ਤੇ ਤੋਂ ਜਾਰੀ ਹੈ। ਇਸ ਵਿੱਚ ਮਾਰਕੀਟ ਕਮੇਟੀ ਬਰੇਟਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ/ਫ਼ੈਮਿਲੀ ਪੈਨਸਨਰਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ ਪ੍ਰੰਤੂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਮੰਡੀ ਬੋਰਡ ਦੇ ਕਿਸੇ ਅਫ਼ਸਰ ਵੱਲੋਂ ਕੋਈ ਸਾਰ ਨਹੀਂ ਲਈ ਗਈ। ਹੜਤਾਲ ਦੌਰਾਨ ਮਾਰਕੀਟ ਕਮੇਟੀ ਦੇ ਲੇਖਾਕਾਰ ਦਿਨੇਸ਼ ਕੁਮਾਰ ਵੱਲੋਂ ਦੱਸਿਆ ਕਿ ਮਾਰਕੀਟ ਕਮੇਟੀ ਬਰੇਟਾ ਵਿਖੇ 19 ਦਸੰਬਰ 2025 ਤੋਂ ਸਕੱਤਰ ਦੀ ਅਸਾਮੀ ਖਾਲੀ ਪਈ ਹੈ। ਗੁਰਲਾਲ ਸਿੰਘ ਸਕੱਤਰ ਦੇ ਸਵਰਗਵਾਸ ਹੋਣ ਕਾਰਨ ਸਕੱਤਰ ਮਾਰਕੀਟ ਕਮੇਟੀ ਦੀ ਖਾਲੀ ਹੋਈ ਅਸਾਮੀ ਸਬੰਧੀ ਲਿਖਤੀ ਅਤੇ ਜਵਾਨੀ ਰੂਪ ਵਿੱਚ ਕਈ ਵਾਰ ਪੰਜਾਬ ਮੰਡੀ ਬੋਰਡ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਅਜੇ ਤੱਕ ਮਾਰਕੀਟ ਕਮੇਟੀ ਬਰੇਟਾ ਵਿਖੇ ਸਕੱਤਰ ਦੀ ਨਿਯੁਕਤੀ ਨਹੀਂ ਕੀਤੀ ਗਈ, ਜਿਸ ਕਾਰਨ ਦੋ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਸਕੀ ਅਤੇ ਨਾ ਹੀ ਬਿਜਲੀ ਅਤੇ ਪਾਣੀ ਦੇ ਬਿੱਲ ਭਰੇ ਜਾ ਸਕੇ ਹਨ। ਤਨਖ਼ਾਹਾਂ/ਪੈਨਸ਼ਨਾਂ ਨਾ ਮਿਲਣ ਕਾਰਨ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਆਪਣਾ ਗੁਜ਼ਾਰਾ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ 12 ਫਰਵਰੀ ਨੂੰ ਦਫ਼ਤਰ ਜ਼ਿਲ੍ਹਾ ਮਾਲ ਅਫਸਰ ਮਾਨਸਾ ਵਿਖੇ ਜ਼ਿਲ੍ਹੇ ਦੇ ਕਰਮਚਾਰੀਆਂ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਧਰਮਪਾਲ, ਰਾਕੇਸ਼ ਕੁਮਾਰ, ਰੱਜਤ ਗਰਗ, ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।