ਨਵੀਂ ਬਣਾਈ ਜਾ ਰਹੀ ਗਲੀ ਨੂੰ ਦੁਬਾਰਾ ਪੁੱਟਣ ਦਾ ਮਾਮਲਾ ਗਰਮਾਇਆ
ਮਾਨਸਾ ਦੇ ਵਾਰਡ ਨੰਬਰ. 25 ਵਿੱਚ
Publish Date: Thu, 26 Feb 2026 06:59 PM (IST)
Updated Date: Thu, 26 Feb 2026 07:01 PM (IST)

- ਗਲੀ ਨੂੰ ਦੁਬਾਰਾ ਪੁੱਟਣ ਆਉਣ ’ਤੇ ਲੋਕਾਂ ਨੇ ਕੀਤਾ ਰੋਸ ਜਾਹਰ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਦੇ ਵਾਰਡ ਨੰਬਰ. 25 ਵਿੱਚ ਨਵੀਂ ਬਣੀ ਗਲੀ ਨੂੰ ਪੁੱਟਣ ਦਾ ਮਾਮਲਾ ਗਰਮਾ ਗਿਆ ਹੈ। ਗਲੀ ਨੂੰ ਬਣਾਉਣ ਵਾਲੇ ਠੇਕੇਦਾਰ ਨੇ ਜਿੱਥੇ ਸਕੂਲ ਦੀ ਗ੍ਰਾਂਟ ਨੂੰ ਗਲੀ ਵਿੱਚ ਲਗਾਉਣ ਦੀ ਗਲਤੀ ਮੰਨੀ ਹੈ, ਉੱਥੇ ਹੀ ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਇਸ ਗਲੀ ਨੂੰ ਕਿਸੇ ਵੀ ਕੀਮਤ ’ਤੇ ਦੁਬਾਰਾ ਪੁੱਟਣ ਨਹੀਂ ਦੇਣਗੇ। ਨਵੀਂ ਬਣੀ ਇੰਟਰਲੋਕ ਗਲੀ ਨੂੰ ਲੈ ਕੇ ਜਿੱਥੇ ਮੁਹੱਲਾ ਵਾਸੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਸੀ ਤੇ ਲੋਕ ਸਰਕਾਰ ਦਾ ਧੰਨਵਾਦ ਕਰਨ ਲਈ ਤਿਆਰ ਬੈਠੇ ਸੀ। ਪਰ ਗਲੀ ਵਾਸੀਆਂ ਦੀ ਖੁਸ਼ੀ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ, ਜਦੋਂ ਠੇਕੇਦਾਰ ਆਪਣਾ ਲਾਮ ਲਸ਼ਕਰ ਲੈ ਗਲੀ ਨੂੰ ਪੁੱਟਣ ਲਈ ਅਤੇ ਗਲੀ ਬਣਾਉਣ ਵਾਲੀਆਂ ਸੁੱਟੀਆਂ ਟਾਈਲਾਂ ਲੈਣ ਪਹੁੰਚ ਗਏ। ਮੁਹੱਲਾ ਵਾਸੀਆਂ ਨੇ ਇਸ ਦੌਰਾਨ ਰੋਸ ਜਤਾਇਆ। ਇੱਥੋਂ ਦੇ ਰਹਿਣ ਵਾਲੀ ਅਜਮੇਰ ਕੌਰ, ਪੱਪੂ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਜਿੱਥੇ ਇਸ ਗਲੀ ਨੂੰ ਕਿਸੇ ਵੀ ਕੀਮਤ ’ਤੇ ਨਾ ਪੁੱਟਣ ਦੇਣ ਦੀ ਗੱਲ ਕਹੀ ਹੈ। ਇਸ ਗਲੀ ਵਿੱਚ ਵਾਰਡ ਵਾਸੀਆਂ ਵੱਲੋਂ ਆਪਣੇ ਘਰਾਂ ਅੱਗੇ ਸੀਵਰੇਜ਼ ਦੀਆਂ ਪਾਈਪਾਂ ਤਕ ਪਾ ਲਈਆਂ ਗਈਆਂ ਸੀ ਤੇ ਠੇਕੇਦਾਰ ਨੇ ਗਲੀ ਵੀ ਬਣਾ ਦਿੱਤੀ ਸੀ। ਪਰ ਅੱਜ ਉਸ ਸਮੇਂ ਮਾਮਲਾ ਗਰਮਾ ਗਿਆ, ਜਦੋਂ ਠੇਕੇਦਾਰ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਗਲੀ ਨੂੰ ਪੁੱਟਣ ਲਈ ਪਹੁੰਚ ਗਿਆ। ਵਾਰਡ ਵਾਸੀਆਂ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਗਲੀ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਪੁੱਟਣ ਦੇਣਗੇ। ਕੀ ਠੇਕੇਦਾਰ ਨੂੰ ਸਰਕਾਰੀ ਸਕੂਲ ਅਤੇ ਗਲੀ ਦਾ ਫ਼ਰਕ ਪਤਾ ਨਹੀਂ, ਪਰ ਉਨ੍ਹਾਂ ਜਾਣਬੁੱਝ ਕੇ ਇਸ ਗਲੀ ਨੂੰ ਪੁੱਟੇ ਜਾਣ ਨੂੰ ਲੈ ਕੇ ਵਿਰੋਧ ਜ਼ਾਹਿਰ ਕੀਤਾ। ਠੇਕੇਦਾਰ ਰਾਕੇਸ਼ ਕੁਮਾਰ ਨੇ ਆਪਣੀ ਗਲਤੀ ਕਬੂਲਦਿਆਂ ਕਿਹਾ ਕਿ ਇਹ ਗ੍ਰਾਂਟ ਸਰਕਾਰੀ ਸਕੂਲ ਵਿੱਚ ਲੱਗਣੀ ਸੀ, ਪਰ ਉਨ੍ਹਾਂ ਵੱਲੋਂ ਗਲਤੀ ਨਾਲ ਇਸ ਗਲੀ ਵਿੱਚ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਗਲੀ ਨੂੰ ਪੁੱਟ ਕੇ ਸਕੂਲ ਵਿੱਚ ਇੰਟਰਲਾਕ ਲਾਈ ਜਾਵੇਗੀ। ਨਗਰ ਕੌਂਸਲ ਦੇ ਈਓ ਕੁਲਦੀਪ ਸਿੰਘ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ। ਉਹ ਬਾਹਰ ਗਏ ਹਨ ਅਤੇ ਆਉਣ ਬਾਅਦ ਇਸ ਮਾਮਲੇ ਨੂੰ ਦੇਖਣਗੇ।