ਐਡਵੋਕੇਟ ਦਿਲਜੋਤ ਕੌਰ ਦੀ ਸ਼ੱਕੀ ਹਾਲਤ ’ਚ ਮੌਤ ਦੇ ਮਾਮਲੇ ’ਚ ਨੌਜਵਾਨ ਖ਼ਿਲਾਫ਼ ਪਰਚਾ
ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ
Publish Date: Mon, 02 Feb 2026 06:24 PM (IST)
Updated Date: Tue, 03 Feb 2026 04:11 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਵਸਨੀਕ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਰਹੱਸਮਈ ਮੌਤ ਦੇ ਮਾਮਲੇ ’ਚ ਲੁਧਿਆਣਾ ਪੁਲਿਸ ਨੇ ਪਿੰਡ ਅਕਲੀਆ ਦੇ ਵਸਨੀਕ ਜਗਦੀਸ਼ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਰਿਵਾਰ ਅਨੁਸਾਰ ਦਿਲਜੋਤ ਸ਼ਰਮਾ ਦੀ ਮੌਤ ਲੁਧਿਆਣਾ ਵਿੱਚ ਰਹੱਸਮਈ ਹਾਲਤ ਵਿੱਚ ਹੋ ਗਈ ਸੀ। ਘਟਨਾ ਦੇ ਬਾਅਦ ਲਗਾਤਾਰ ਪਰਿਵਾਰ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਮ੍ਰਿਤਕ ਦੀ ਮਾਂ ਵੀਰਪਾਲ ਕੌਰ ਨੇ ਦੱਸਿਆ ਕਿ ਉਸਦੀ ਧੀ, ਦਿਲਜੋਤ ਕੌਰ ਸ਼ਰਮਾ, ਵਕੀਲ ਬਣਨ ਤੋਂ ਬਾਅਦ ਲੁਧਿਆਣਾ ਵਿੱਚ ਜੱਜ ਬਣਨ ਦੀ ਪੜ੍ਹਾਈ ਕਰ ਰਹੀ ਸੀ। ਉਸਨੇ ਅਦਾਲਤੀ ਮਾਮਲਿਆਂ ਵਿੱਚ ਵਰਕਰਾਂ ਦੀ ਨੁਮਾਇੰਦਗੀ ਵੀ ਕੀਤੀ ਅਤੇ ਸਮਾਜਿਕ ਸੰਗਠਨਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਵੀਰਪਾਲ ਕੌਰ ਨੇ ਦੱਸਿਆ ਕਿ 5 ਜਨਵਰੀ ਨੂੰ ਉਸਨੂੰ ਦਿਲਜੋਤ ਸ਼ਰਮਾ ਦੀ ਦੋਸਤ ਅਨੁਸਾਰ ਉਹ ਬਿਮਾਰ ਹੈ ਅਤੇ ਉਸਨੂੰ ਲੁਧਿਆਣਾ ਦੇ ਡੀਐਮਸੀ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਪਰਿਵਾਰ ਹਸਪਤਾਲ ਪਹੁੰਚਿਆ, ਦਿਲਜੋਤ ਸ਼ਰਮਾ ਪਹਿਲਾਂ ਹੀ ਦਮ ਤੋੜ ਚੁੱਕੀ ਸੀ। ਵੀਰਪਾਲ ਕੌਰ ਨੇ ਦੱਸਿਆ ਕਿ ਦਿਲਜੋਤ ਜਗਦੀਸ਼ ਸਿੰਘ ਨਾਮ ਦੇ ਇੱਕ ਵਿਅਕਤੀ ਨਾਲ ਲਿਵ ਇਨ ਰਿਲੇਸ਼ਨ ’ਚ ਰਹਿੰਦੀ ਸੀ। ਉਹ ਉਸ ਨੂੰ ਤੰਗ ਕਰਦਾ ਸੀ। ਪਰਿਵਾਰ ਦੀ ਸ਼ਿਕਾਇਤ ਦੇ ਬਾਅਦ ਲੁਧਿਆਣਾ ਪੁਲਿਸ ਨੇ ਜਗਦੀਸ਼ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸੀਪੀਆਈ (ਐੱਮਐੱਲ) ਲਿਬਰੇਸ਼ਨ ਤੇ ਹੋਰ ਬਾਰ ਐਸੋਸੀਏਸ਼ਨਾਂ ਨੇ ਵੀ ਇਸ ਮਾਮਲੇ ਵਿੱਚ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਲੁਧਿਆਣਾ ਪੁਲਿਸ ਨੂੰ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।