ਮਾਨਸਾ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ’ਚ ਲੱਗੀ ਅੱਗ
ਸੰਧੂ ਆਸ਼ਰਮ ਰੋਡ ‘ਤੇ ਗੈਸ ਏਜੰਸੀ
Publish Date: Fri, 24 Apr 2026 06:31 PM (IST)
Updated Date: Sat, 25 Apr 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੰਧੂ ਆਸ਼ਰਮ ਰੋਡ ‘ਤੇ ਗੈਸ ਏਜੰਸੀ ਦੇ ਗੋਦਾਮ ਕੋਲ ਖੇਤ ਵਿੱਚ ਪਏ ਟਾਂਗਰ ਨੂੰ ਅੱਜ ਦੁਪਹਿਰ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਸੂਚਨਾ ਕਰੀਬ 12 ਵਜੇ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਮਿਲੀ, ਜਿਸ ਉਪਰੰਤ ਤੁਰੰਤ ਤਿੰਨ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਕਰਮਚਾਰੀ ਮੌਕੇ ‘ਤੇ ਪਹੁੰਚੇ। ਫ਼ਾਇਰ ਬ੍ਰਿਗੇਡ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਕਰਦੇ ਹੋਏ ਅੱਗ ‘ਤੇ ਕਾਬੂ ਪਾ ਲਿਆ। ਹਾਲਾਂਕਿ ਇਸ ਘਟਨਾ ਵਿੱਚ ਕਰੀਬ ਛੇ ਏਕੜ ਟਾਂਗਰ ਸੜ ਕੇ ਰਾਖ ਹੋ ਗਿਆ।ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਪਰ ਸਮੇਂ ਸਿਰ ਕਾਬੂ ਪੈ ਜਾਣ ਕਾਰਨ ਆਸ-ਪਾਸ ਖੜੀ ਕਣਕ ਦੀ ਫ਼ਸਲ ਨੂੰ ਬਚਾਅ ਲਿਆ ਗਿਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਖੇਤ ਵਿੱਚ ਅੱਗ ਭੜਕੀ ਹੋਈ ਸੀ, ਜਿਸ ਨੂੰ ਤੁਰੰਤ ਕਾਰਵਾਈ ਕਰਦਿਆਂ ਕਾਬੂ ਕਰ ਲਿਆ ਗਿਆ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਜਾਂਚ ਜਾਰੀ ਹੈ।
ਇਸ ਤੋਂ ਇਲਾਵਾ ਫ਼ਾਇਰ ਬ੍ਰਿਗੇਡ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਤਾਮਕੋਟ ‘ਚ ਵੀ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਪਰ ਫਾ਼ਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਉਸ ‘ਤੇ ਕਾਬੂ ਪਾਇਆ ਗਿਆ। ਕੂੜੇ ਡੰਪ ਮਾਨਸਾ ‘ਚ ਵੀ ਅਚਾਨਕ ਅੱਗ ਲੱਗ ਗਈ ਸੀ ਤੇ ਉਥੇ ਵੀ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਮੌਕੇ ’ਤੇ ਪੁੱਜ ਕੇ ਅੱਗ ਬੁਝਾਈ। ਇਸੇ ਤਰ੍ਹਾਂ ਪਿੰਡ ਟਾਂਡੀਆ, ਲਖਮੀਰਵਾਲਾ ਚਚੋਹਰ ਰੋਡ ‘ਤੇ ਜਿੱਥੇ ਟਾਂਗਰ ਨੂੰ ਅੱਗ ਲੱਗ ਗਈ, ਉਥੇ ਹੀ ਪਿੰਡ ਡੇਲੂਆਣਾ ਵੀ ਅੱਗ ਲੱਗ ਗਈ। ਪਰ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਅਲੱਗ ਅਲੱਗ ਜਗ੍ਹਾ ਆਪਣੀਆਂ ਫ਼ਾਇਰ ਬ੍ਰਿਗੇਡ ਗੱਡੀਆਂ ਲਿਜਾ ਕੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।