ਘਰ ’ਚ ਅੱਗ ਲੱਗਣ ਨਾਲ ਸਾਮਾਨ ਸੜ ਕੇ ਸੁਆਹ
ਮਾਨਸਾ ਦੇ ਰਾਮ ਸਿੰਘ ਕੁੰਦਨ
Publish Date: Thu, 12 Feb 2026 06:43 PM (IST)
Updated Date: Thu, 12 Feb 2026 06:45 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਦੇ ਰਾਮ ਸਿੰਘ ਕੁੰਦਨ ਵਾਲੀ ਗਲੀ ਵਿੱਚ ਉਸ ਵੇਲੇ ਕਿਰਾਏ ’ਤੇ ਰਹਿ ਰਹੇ ਕਿਰਾਏਦਾਰਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦੋਂ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਖੁਸ਼ਕਿਸਮਤੀ ਨਾਲ ਘਰ ਦੇ ਸਾਰੇ ਮੈਂਬਰ ਉਸ ਸਮੇਂ ਬਾਹਰ ਸਨ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤ ਗੁਰਜੀਤ ਕੌਰ ਨੇ ਦੱਸਿਆ ਕਿ ਉਹ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ। ਕਿਰਾਏ ਵਾਲੇ ਘਰ ਵਿੱਚ ਉਨ੍ਹਾਂ ਦਾ ਪੁੱਤਰ ਬਾਦਲ ਸਿੰਘ, ਨੂੰਹ ਬੇਅੰਤ ਕੌਰ, ਤਿੰਨ ਪੋਤੀਆਂ ਅਤੇ ਇੱਕ ਪੋਤਾ ਰਹਿੰਦੇ ਹਨ। ਅੱਜ ਘਟਨਾ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਬੱਚੇ ਥੋੜ੍ਹੀ ਦੇਰ ਪਹਿਲਾਂ ਹੀ ਘਰੋਂ ਗਏ ਸਨ ਕਿ ਅਚਾਨਕ ਘਰ ਵਿੱਚ ਅੱਗ ਲੱਗ ਗਈ। ਆਂਢ-ਗੁਆਂਢ ਨੂੰ ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਅੱਗ ਕਾਰਨ ਘਰ ਦਾ ਕਾਫ਼ੀ ਸਾਮਾਨ ਬੈੱਡ, ਫ਼ਰਿਜ, ਵਾਸ਼ਿੰਗ ਮਸ਼ੀਨ ਅਤੇ ਹੋਰ ਘਰੇਲੂ ਵਸਤੂਆਂ ਸੜ ਕੇ ਸੁਆਹ ਹੋ ਗਈਆਂ। ਅੰਦਾਜ਼ਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਗੁਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਅਤੇ ਮੁਸ਼ਕਿਲ ਨਾਲ ਇਹ ਸਾਮਾਨ ਇਕੱਠਾ ਕੀਤਾ ਸੀ। ਹੁਣ ਦੁਆਰਾ ਸਭ ਕੁਝ ਬਣਾਉਣਾ ਬਹੁਤ ਔਖਾ ਹੈ। ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।