ਮਾਨਸਾ ਪੁਲਿਸ ਵੱਲੋਂ ਏਟੀਐੱਮ ਚੋਰ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ
Publish Date: Thu, 09 Apr 2026 05:57 PM (IST)
Updated Date: Fri, 10 Apr 2026 04:12 AM (IST)

* ਚੋਰੀ ਕੀਤੀ ਏਟੀਐਮ ਮਸ਼ੀਨ ਤੇ ਨਕਦੀ ਬਰਾਮਦ ਫ਼ੋਟੋ : 05 ਐਮਏਐਨ ਕੈਪਸ਼ਨ : ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਭਾਗੀਰਥ ਸਿੰਘ ਮੀਨਾ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਕੀਤੀ ਏਟੀਐੱਮ ਮਸ਼ੀਨ ਤੇ ਨਕਦੀ ਬਰਾਮਦ ਕਰਵਾਈ ਗਈ। ਐੱਸਐੱਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 1 ਅਪ੍ਰੈਲ 2026 ਨੂੰ ਇਕ ਸੂਚਨਾ ਮਿਲੀ ਕਿ 31 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਸਰਦੂਲਗੜ੍ਹ ਰੋਡ ਤੇ ਝੁਨੀਰ ਵਿਖੇ ਐੱਸਬੀਆਈ ਬੈਂਕ ਦੀ ਏਟੀਐੱਮ ਮਸ਼ੀਨ ਦੇ ਸ਼ਟਰ ਦਾ ਤਾਲਾ ਤੋੜ ਕੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਏਟੀਐੱਮ ਮਸ਼ੀਨ ਚੋਰੀ ਕਰ ਲਈ ਹੈ, ਜਿਸ ’ਚ ਬੈਂਕ ਦੇ ਰਿਕਾਰਡ ਮੁਤਾਬਕ 33,28,000/- ਰੁਪਏ ਸਨ। ਇਸ ’ਤੇ ਸੁਖਵੀਰ ਸਿੰਘ ਲੋਕੇਸ਼ਨ ਰਿਪ੍ਰੈਜੈਂਟੇਟਿਵ (ਐਨਸੀਆਰ ਐਟਲਸ) ਦੇ ਬਿਆਨ ਤੇ ਮੁਕੱਦਮਾ ਬੀਐਨਐਸ ਥਾਣਾ ਝੁਨੀਰ ਬਰਖਿਲਾਫ਼ ਨਾ ਮਾਲੂਮ ਵਿਅਕਤੀਆਂ ਦਰਜ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਮਨਮੋਹਨ ਸਿੰਘ ਔਲਖ ਐੱਸਪੀ (ਇੰਨਵੈ:), ਜਸਵਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਅਤੇ ਮਨਜੀਤ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਸਰਦੂਲਗੜ੍ਹ ਦੀ ਨਿਗਰਾਨੀ ਹੇਠ ਇੰਸ: ਬਿਕਰਮਜੀਤ ਸਿੰਘ ਮੁੱਖ ਅਫ਼ਸਰ ਥਾਣਾ ਝੁਨੀਰ ਦੀ ਅਗਵਾਈ ਵਿੱਚ ਸ:ਥ: ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤਕਨੀਕੀ ਢੰਗ ਨਾਲ ਮੁਕੱਦਮੇ ਦੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਤਫਤੀਸ਼ ਦੌਰਾਨ ਮੁਕੱਦਮੇ ਦੀ ਅਹਿਮੀਅਤ ਨੂੰ ਵੇਖਦੇ ਹੋਏ ਮੁਕੱਦਮੇ ਵਿੱਚ ਮੁਖਬਰੀ ਦੇ ਅਧਾਰ ਤੇ ਦੋਸ਼ੀਆਂ ਨੂੰ ਟਰੇਸ ਕਰਕੇ ਕਥਿਤ ਦੋਸ਼ੀ ਦਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਕਬੂਲਪੁਰ ਭੈਣੀ ਜ਼ਿਲ੍ਹਾ ਪਟਿਆਲਾ, ਮਨਪ੍ਰ੍ਰੀਤ ਸਿੰਘ ਉਰਫ ਕਾਲਾ ਪੁੱਤਰ ਮਿੱਠੂ ਸਿੰਘ ਪੁੱਤਰ ਹਰੀ ਸਿੰਘ ਵਾਸੀ ਵਾਰਡ ਨੰਬਰ. 3 ਸਰਦੂਲਗੜ੍ਹ, ਭੁਪਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਭਗਵਾਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸਾਦੀਪੁਰ ਜ਼ਿਲ੍ਹਾ ਪਟਿਆਲਾ, ਗੁਰਭੇਜ ਸਿੰਘ ਉਰਫ਼ ਭੇਜਾ ਪੁੱਤਰ ਬਲਵਿੰਦਰ ਸਿੰਘ ਪੁੱਤਰ ਮਨਸਾ ਸਿੰਘ ਵਾਸੀ ਸਤਰਾਣਾ ਜ਼ਿਲ੍ਹਾ ਪਟਿਆਲਾ ਅਤੇ ਦੀਪਕ ਪੰਡਤ ਪੁੱਤਰ ਵਿਜੈ ਇੰਦਰ ਵਾਸੀ ਜੂਆਂ ਜ਼ਿਲ੍ਹਾ ਸੋਨੀਪਤ ਹਰਿਆਣਾ ਨੂੰ ਰਪਟ ਨੰਬਰ 42 ਮਿਤੀ 07 ਅਪ੍ਰੈਲ 2026 ਨਾਲ ਨਾਮਜ਼ਦ ਕਰਕੇ ਵਾਧਾ ਜੁਰਮ 61(2) ਬੀਐਨਐਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 07 ਅਪ੍ਰੈਲ 2026 ਨੂੰ ਮੁਖਬਰੀ ਦੇ ਅਧਾਰ ਤੇ ਦੋਸ਼ੀਆਂ ਨੂੰ ਨਾਕਾਬੰਦੀ ਦੌਰਾਨ ਨੇੜੇ ਜਟਾਣਾ ਕੈਂਚੀਆ ਤੋਂ ਸਮੇਤ ਗੱਡੀ ਐਕਸਯੂਵੀ - 500 ਨੰਬਰੀ ਐਚਆਰ 51ਸੀਡੀ1948 ਗ੍ਰਿਫ਼ਤਾਰ ਕਰਕੇ ਮਿਤੀ 08 ਅਪ੍ਰੈਲ 2026 ਨੂੰ ਉਨ੍ਹਾਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕਰਕੇ ਦੋਸ਼ੀ ਭੁਪਿੰਦਰ ਸਿੰਘ ਉਰਫ਼ ਭਿੰਦਾ ਦੇ ਘਰੋਂ ਉਸਦੀ ਨਿਸ਼ਾਨਦੇਹੀ ‘ਤੇ 10,60,000/- ਰੁਪਏ ਅਤੇ ਦਲਜੀਤ ਸਿੰਘ ਦੀ ਨਿਸ਼ਾਨਦੇਹੀ ਪਰ ਉਸਦੇ ਘਰੋਂ 10,00,000/- ਰੁਪਏ ਕੁੱਲ ਰਕਮ 20,60,000/- ਰੁਪਏ ਬਰਾਮਦ ਕਰਵਾਈ ਗਈ ਹੈ ਅਤੇ ਉਸੇ ਦਿਨ ਦੋਸ਼ੀਆਂ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ 09 ਅਪ੍ਰੈਲ 2026 ਨੂੰ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਮੇਨ ਸੜ੍ਹਕ ਪੁਲ ਭਾਖੜਾ ਤੋਂ ਅੱਧਾ ਕਿਲੋਮੀਟਰ ਅੱਗੇ ਬਾ ਹੱਦ ਝੁਨੀਰ ਕੁਸਲਾ ਸਾਇਡ ਭਾਖੜਾ ਨਹਿਰ ਵਿਚੋਂ ਏ.ਟੀ.ਐਮ. ਮਸ਼ੀਨ ਦਾ ਪਾਰਟ ਬਰਾਮਦ ਕਰਵਾਇਆ ਗਿਆ, ਜਿਸ ਤੇ ਰਪਟ ਨੰਬਰ. 16 ਮਿਤੀ 09 ਅਪ੍ਰੈਲ 2026 ਜੁਰਮ 317(2) ਬੀ.ਐਨ.ਐਸ. ਦਾ ਵਾਧਾ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਤਹਿਤ ਚੋਰੀ ਦੀਆਂ ਹੋਰ ਅਨਟਰੇਸ ਵਾਰਦਾਤਾਂ/ਕੇਸ ਟਰੇਸ ਹੋਣ ਦੀ ਸੰਭਾਵਨਾ ਹੈ।