Mansa News : ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ PRTC ਡਰਾਈਵਰ ਦੀ ਮੌਤ
ਬੁਢਲਾਡਾ ਡਿਪੂ ’ਤੇ ਬੋਹਾ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਪੀਆਰਟੀਸੀ ਕੰਟ੍ਰੈਕਟ ਚਾਲਕ ਵਿੱਚ ਇੱਕ ਕਾਰ ਦੁਆਰਾ ਟੱਕਰ ਮਾਰ ਦਿੱਤੇ ਜਾਣ ਬਾਅਦ ਉਸ ਦੀ ਮੌਤ ਹੋ ਗਈ, ਜਦਕਿ ਕਾਰ ਬੇਕਾਬੂ ਹੋ ਕੇ ਇੱਕ ਦੁਕਾਨ ਵਿੱਚ ਦਾਖਲ ਹੋ ਗਈ।
Publish Date: Sat, 14 Mar 2026 06:08 PM (IST)
Updated Date: Sat, 14 Mar 2026 06:10 PM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਬੁਢਲਾਡਾ ਡਿਪੂ ’ਤੇ ਬੋਹਾ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਪੀਆਰਟੀਸੀ ਕੰਟ੍ਰੈਕਟ ਚਾਲਕ ਵਿੱਚ ਇੱਕ ਕਾਰ ਦੁਆਰਾ ਟੱਕਰ ਮਾਰ ਦਿੱਤੇ ਜਾਣ ਬਾਅਦ ਉਸ ਦੀ ਮੌਤ ਹੋ ਗਈ, ਜਦਕਿ ਕਾਰ ਬੇਕਾਬੂ ਹੋ ਕੇ ਇੱਕ ਦੁਕਾਨ ਵਿੱਚ ਦਾਖਲ ਹੋ ਗਈ। ਮੂੰਹ ਹਨੇਰੇ ਵਾਪਰੇ ਇਸ ਹਾਦਸੇ ਦੇ ਬਾਅਦ ਪੀਆਰਟੀਸੀ ਪਨਬੱਸ ਯੂਨੀਅਨ ਵੱਲੋਂ ਰਤੀਆ ਬੁਢਲਾਡਾ ਰੋਡ ਜਾਮ ਕਰਕੇ ਕਾਰਵਾਈ ਦੀ ਮੰਗ ਅਤੇ ਪੀਆਰਟੀਸੀ ਵਿਭਾਗ ਵੱਲੋਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ।
ਵੇਰਵੇ ਅਨੁਸਾਰ ਪੀਆਰਟੀਸੀ ਬੱਸ ਚਾਲਕ ਦਵਿੰਦਰ ਸਿੰਘ ਕੰਟ੍ਰੈਕਟ ’ਤੇ ਭਰਤੀ ਸੀ ਅਤੇ ਅੱਜ ਬੋਹਾ ਤੋਂ ਸਵੇਰੇ ਮੋਟਰਸਾਈਕਲ ਉਪਰ ਸਵੇਰੇ 3.30 ਵਜੇ ਦੀ ਪਹਿਲੇ ਸਮੇਂ ਲਈ ਬੱਸ ਲਿਜਾਣ ਲਈ ਆ ਰਿਹਾ ਸੀ। ਪਰ ਰਾਹ ਵਿੱਚ ਨਹਿਰ ਦੇ ਨੇੜੇ ਬੁਢਲਾਡਾ ਵੱਲੋਂ ਰਤੀਆ ਵੱਲ ਜਾ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਹ ਕਾਰ ਟੱਕਰ ਮਾਰ ਕੇ ਬੇਕਾਬੂ ਹੋ ਕੇ ਸਿੱਧੀ ਇੱਕ ਦੁਕਾਨ ਅੰਦਰ ਦਾਖ਼ਲ ਹੋ ਗਈ। ਕਾਰ ਚਾਲਕ ਫ਼ਰਾਰ ਹੋ ਗਿਆ। ਇਸ ਦੇ ਬਾਅਦ ਦਵਿੰਦਰ ਸਿੰਘ 39 ਸਾਲਾ ਦੀ ਮੌਤ ਹੋ ਗਈ।
ਇਸ ਦੇ ਬਾਅਦ ਰਤੀਆ ਬੁਢਲਾਡਾ ਰੋਡ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪੀਆਰਟੀਸੀ ਪਨਬੱਸ ਕੰਟ੍ਰੈਕਟ ਯੂਨੀਅਨ ਦੇ ਆਗੂਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਤੇ ਪਰਿਵਾਰਕ ਮੈਂਬਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਪੀਆਰਟੀਸੀ ਪਨਬੱਸ ਕੰਟ੍ਰੈਕਟ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ, ਰਮਨ ਸਿੰਘ, ਜਸਵਿੰਦਰ ਸਿੰਘ ਅਤੇ ਕਾਬਲ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀਆਰਟੀਸੀ ਵਿਭਾਗ ਵੱਲੋਂ ਮ੍ਰਿਤਕ ਦਵਿੰਦਰ ਸਿੰਘ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਸ ਲਈ ਸੰਘਰਸ਼ ਕਰਨਗੇ।
ਇਸ ਦੇ ਬਾਅਦ ਧਰਨੇ ’ਚ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਡੀਐਸਪੀ ਸਿਕੰਦਰ ਸਿੰਘ, ਨਾਇਬ ਤਹਿਸੀਲਦਾਰ ਹਿਰਦੇ ਪਾਲ ਸਿੰਘ, ਐਸਐਚਓ ਬਲਦੇਵ ਸਿੰਘ ਨੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ ਕੀਤੀ। ਪਰ ਇਹ ਧਰਨਾ ਸ਼ਾਮ ਤੱਕ ਨਾ ਚੁੱਕਿਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਉਹ ਇਸ ਮਾਮਲੇ ’ਚ ਜਾਂਚ ਕਰ ਰਹੇ ਹਨ।