Mansa News : ਪੁਲਿਸ ਮੁਲਾਜ਼ਮ, ਰਾਹਗੀਰ ਤੋਂ ਇਨੋਵਾ ਗੱਡੀ ਤੇ ਪਿਸਤੌਲ ਖੋਹ ਕੇ ਫ਼ਰਾਰ
ਆਮ ਤੌਰ ’ਤੇ ਲੋਕਾਂ ਵੱਲੋਂ ਪੁਲਿਸ ਮੁਲਾਜ਼ਮ ਦੇਖ ਕੇ ਉਸ ਤੋਂ ਸੁਰੱਖਿਆ ਦੀ ਉਮੀਦ ਪ੍ਰਗਟਾਈ ਜਾਂਦੀ ਹੈ ਪਰ ਅੱਜ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਮੀਦ ਦੀ ਥਾਂ ਡਰ ਪੈਦਾ ਕਰ ਦਿੱਤਾ। ਹੋਇਆ ਇੰਝ ਕਿ ਇੱਕ ਪੁਲਿਸ ਮੁਲਾਜ਼ਮ ਨੇ ਗੱਡੀ ਚਾਲਕ ਨੂੰ ਇਸ਼ਾਰਾ ਕਰਕੇ ਖੜ੍ਹਾਇਆ ਤੇ ਉਸ ਨੂੰ ਨਾਲ ਲਿਜਾਣ ਲਈ ਕਿਹਾ।
Publish Date: Mon, 09 Feb 2026 09:31 PM (IST)
Updated Date: Mon, 09 Feb 2026 09:34 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਆਮ ਤੌਰ ’ਤੇ ਲੋਕਾਂ ਵੱਲੋਂ ਪੁਲਿਸ ਮੁਲਾਜ਼ਮ ਦੇਖ ਕੇ ਉਸ ਤੋਂ ਸੁਰੱਖਿਆ ਦੀ ਉਮੀਦ ਪ੍ਰਗਟਾਈ ਜਾਂਦੀ ਹੈ ਪਰ ਅੱਜ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਮੀਦ ਦੀ ਥਾਂ ਡਰ ਪੈਦਾ ਕਰ ਦਿੱਤਾ। ਹੋਇਆ ਇੰਝ ਕਿ ਇੱਕ ਪੁਲਿਸ ਮੁਲਾਜ਼ਮ ਨੇ ਗੱਡੀ ਚਾਲਕ ਨੂੰ ਇਸ਼ਾਰਾ ਕਰਕੇ ਖੜ੍ਹਾਇਆ ਤੇ ਉਸ ਨੂੰ ਨਾਲ ਲਿਜਾਣ ਲਈ ਕਿਹਾ। ਗੱਡੀ ਵਾਲੇ ਨੇ ਪੁਲਿਸ ਮੁਲਾਜਮ ਨੂੰ ਨਾਲ ਚੜ੍ਹਾ ਲਿਆ ਪਰ ਉਹੀ ਪੁਲਿਸ ਮੁਲਾਜ਼ਮ ਕਥਿਤ ਤੌਰ ’ਤੇ ਰਸਤੇ ’ਚ ਗੱਡੀ ਚਾਲਕ ਨੂੰ ਬੇਹੋਸ਼ ਕਰਕੇ ਉਸਦੀ ਗੱਡੀ ਤੇ ਪਿਸਤੌਲ ਖੋਹ ਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਗੁਰਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਇੱਕ ਵਿਆਹ ਸਮਾਗਮ ’ਚ ਸ਼ਾਮਿਲ ਹੋਣ ਲਈ ਚੱਲਿਆ ਸੀ। ਇਸੇ ਦੌਰਾਨ ਰਮਦਿੱਤੇ ਵਾਲਾ ਚੌਂਕ ’ਚ ਇੱਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕ ਕੇ ਨਾਲ ਚੜਾਉਣ ਲਈ ਕਿਹਾ ਤਾਂ ਉਸ ਨੇ ਪੁਲਿਸ ਮੁਲਾਜ਼ਮ ਨੂੰ ਨਾਲ ਚੜ੍ਹਾ ਲਿਆ। ਪੀੜਤ ਨੇ ਅੱਗੇ ਦੱਸਿਆ ਕਿ ਰਸਤੇ ’ਚ ਪੁਲਿਸ ਮੁਲਾਜ਼ਮ ਨੇ ਉਸਦੀ ਕੁੱਟਮਾਰ ਕਰਕੇ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਗੱਡੀ ’ਚੋਂ ਕੱਢ ਦਿੱਤਾ ਤੇ ਉਹ ਗੱਡੀ ਅਤੇ ਲਾਇਸੰਸੀ ਹਥਿਆਰ ਤੇ ਮੋਬਾਇਲ ਲੈ ਕੇ ਫਰਾਰ ਹੋ ਗਿਆ। ਉਸ ਨੂੰ ਸਵੇਰੇ
ਹੋਸ਼ ਆਉਣ ’ਤੇ ਪਿੰਡ ਵਾਸੀਆਂ ਤੇ ਦੋਸਤਾਂ ਨੇ ਹਸਪਤਾਲ ’ਚ ਦਾਖਲ ਕਰਵਾਇਆ। ਪੀੜ੍ਹਤ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ’ਚ ਇਨਸਾਫ ਦੀ ਮੰਗ ਕਰਦਿਆਂ ਉਨ੍ਹਾਂ ਦੀ ਗੱਡੀ, ਮੋਬਾਇਲ ਅਤੇ ਅਸਲਾ ਦਿਵਾਇਆ ਜਾਵੇ। ਅਜਿਹਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਡੀਆਈਜੀ
ਇਸ ਮਾਮਲੇ ਸਬੰਧੀ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ। ਜਾਂਚ ਕਰਵਾਉਣ ਉਪਰੰਤ ਜੋ ਵੀ ਤੱਥ ਸਾਹਮਣੇ ਆਵੇਗੀ, ਉਸ ਮੁਤਾਬਿਕ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।