ਧੁੰਦ ਨੇ ਛੇੜੀ ਕੰਬਣੀ, ਦੁਪਹਿਰੇ ਨਿਕਲੀ ਧੁੱਪ ਨੇ ਠੰਢ ਤੋਂ ਦਿਵਾਈ ਰਾਹਤ
ਮਾਨਸਾ ਵਿੱਚ ਸਵੇਰ
Publish Date: Sun, 18 Jan 2026 06:14 PM (IST)
Updated Date: Mon, 19 Jan 2026 04:12 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਵਿੱਚ ਸਵੇਰ ਤੇ ਸ਼ਾਮ ਵੇਲੇ ਪੈ ਰਹੀ ਕੜਾਕੇ ਦੀ ਠੰਢ ਕੰਬਣੀ ਛੇੜ ਰਹੀ ਹੈ। ਹਾਲਾਂਕਿ ਦੁਪਹਿਰ ਵੇਲੇ ਨਿਕਲ ਰਹੀ ਧੁੱਪ ਲੋਕਾਂ ਨੂੰ ਰਾਹਤ ਦੇ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਅੱਜ ਵੀ ਸਵੇਰ ਅਚਾਨਕ ਛਾਈ ਸੰਘਣੀ ਧੁੰਦ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਤੇ ਨਜ਼ਦੀਕ ਤੋਂ ਵੀ ਕੁੱਝ ਦਿਖਾਈ ਨਹੀਂ ਦੇ ਰਿਹਾ ਸੀ। ਸਵੇਰ ਵੇਲੇ ਸੰਘਣੀ ਧੁੰਦ ਦੇ ਕਾਰਨ ਆਮ ਲੋਕਾਂ ਨੂੰ ਕੰਮਾਂ ਕਾਰਾਂ ‘ਤੇ ਜਾਣਾ ਮੁਸ਼ਕਿਲ ਹੋ ਗਿਆ ਅਤੇ ਵਾਹਨ ਚਾਲਕਾਂ ਨੂੰ ਵੀ ਲਾਈਟਾਂ ਜਗ੍ਹਾ ਕੇ ਜਾਣਾ ਪਿਆ। ਇਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਰਹੀਆਂ। ਪਰ ਦੁਪਹਿਰ ਵੇਲੇ ਨਿਕਲੀ ਧੁੱਪ ਦੇ ਕਾਰਨ ਆਮ ਲੋਕਾਂ ਨੂੰ ਰਾਹਤ ਮਿਲੀ। ਬਜ਼ਾਰਾਂ ’ਚ ਵੀ ਲੋਕਾਂ ਦੀ ਖੂਬ ਰੌਣਕ ਦਿਖੀ। ਭਾਵੇਂ ਸਵੇਰ ਤੇ ਸ਼ਾਮ ਨੂੰ ਪੂਰੀ ਕੜਾਕੇ ਦੀ ਕੰਬਣੀ ਛੇੜਨ ਵਾਲੀ ਠੰਢ ਪੈਂਦੀ ਹੈ, ਪਰ ਕੁਝ ਦਿਨਾਂ ਤੋਂ ਦੁਪਹਿਰ ਵੇਲੇ ਪੈ ਰਹੀ ਧੁੱਪ ਕਾਰਨ ਲੋਕ ਖੁਸ਼ ਦਿਖਾਈ ਦੇ ਰਹੇ ਹਨ। ਸੁਖਵਿੰਦ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ੍ਹਾਂ ਤੋਂ ਕਾਫ਼ੀ ਠੰਢ ਪੈ ਰਹੀ ਹੈ, ਪਰ ਹੁਣ ਧੁੱਪਾਂ ਨਿਕਲਣੀਆਂ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਅੱਜ ਵੀ ਸਵੇਰ ਵੇਲੇ ਇੰਨ੍ਹੀ ਸੰਘਣੀ ਧੁੰਦ ਸੀ ਕਿ ਨਜ਼ਦੀਕ ਤੋਂ ਵੀ ਕੁੱਝ ਦਿਖਾਈ ਨਹੀਂ ਦੇ ਰਿਹਾ ਸੀ ਪਰ ਧੁੱਪ ਬਹੁਤ ਵਧੀਆ ਨਿਕਲੀ ਹੈ। ਪਾਰਕਾਂ ਵਿੱਚ ਵੀ ਅੱਜ ਲੋਕ ਧੁੱਪ ਸੇਕਦੇ ਹੋਏ ਨਜ਼ਰ ਆਏ।