ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਨਵੀਂ ਰੇਲ ਲਿੰਕ ਦੀ ਮੰਗ ਨੂੰ ਪੈਣ ਲੱਗਾ ਬੂਰ
ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਇਹ
Publish Date: Fri, 20 Mar 2026 05:33 PM (IST)
Updated Date: Sat, 21 Mar 2026 04:07 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ. ਮਾਨਸਾ : ਇੱਥੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਨਵੀਂ ਰੇਲ ਲਿੰਕ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਆਗਰਾ ਵੱਲੋਂ ਕੀਤਾ ਗਿਆ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਵਿਸ਼ੇਸ਼ ਇਸ ਯੋਜਨਾ ਦਾ ਐਲਾਨ ਕੀਤਾ ਹੈ। ਯੋਜਨਾ ਵਿੱਚ ਮਾਨਸਾ–ਬਨਾਂਵਾਲਾ ਰੇਲ ਮਾਰਗ ਨਾਲ ਸਹੀ ਮਿਲਾਪ ਕਰਕੇ ਇਸਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਵਧਾਉਣ ਅਤੇ ਦਿੱਲੀ–ਜਾਖਲ–ਮਾਨਸਾ–ਦਮਦਮਾ ਸਾਹਿਬ ਮਾਰਗ ਦੇ ਤੌਰ ‘ਤੇ ਵਿਕਸਿਤ ਕਰਨ ’ਤੇ ਸਹਿਮਤੀ ਬਣੀ ਹੈ। ਇਹ ਮਾਰਗ ਛੋਟਾ, ਸੁਵਿਧਾਜਨਕ ਹੋਵੇਗਾ ਤੇ ਇੰਜਣ ਨੂੰ ਵਾਪਸ ਮੋੜਨ ਦੀ ਲੋੜ ਨਹੀਂ ਪਵੇਗੀ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਨਵੰਬਰ 2025 ਵਿੱਚ ਇਹ ਮੰਗ ਉਠਾਈ ਸੀ। ਆਪਣੇ ਪੱਤਰ ਵਿੱਚ ਖ਼ਾਸ ਤੌਰ ‘ਤੇ ਇਹ ਤਕਨੀਕੀ ਬਿੰਦੂ ਦਰਸਾਇਆ ਸੀ ਕਿ ਮਾਨਸਾ–ਬਣਾਂਵਾਲਾ ਰੇਲ ਮਾਰਗ ਨਾਲ ਸਹੀ ਮਿਲਾਪ ਕਰਕੇ ਇਹ ਜੋੜ ਆਸਾਨੀ ਨਾਲ ਬਣ ਸਕਦਾ ਹੈ, ਜਿਸ ਨਾਲ ਰੇਲਵੇ ਨੂੰ ਵੀ ਵੱਡਾ ਲਾਭ ਹੋਵੇਗਾ ਅਤੇ ਯੋਜਨਾ ਵਧੇਰੇ ਲਾਭਕਾਰੀ ਸਾਬਤ ਹੋਵੇਗੀ। ਪਹਿਲਾਂ ਵੀ ਕਈ ਵਾਰ ਇਹ ਮਸਲਾ ਚੁੱਕਿਆ ਗਿਆ ਪਰ ਇਸ ਤਰ੍ਹਾਂ ਦਾ ਸਪੱਸ਼ਟ ਤਕਨੀਕੀ ਹੱਲ ਸਾਹਮਣੇ ਨਹੀਂ ਆ ਸਕਿਆ ਸੀ। ਇਹ ਨਵਾਂ ਰੇਲ ਜੋੜ ਸਿੱਖ ਧਰਮ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਾਲ ਸਿੱਧੀ ਜੋੜ ਪ੍ਰਦਾਨ ਕਰੇਗਾ, ਜਿਸ ਨਾਲ ਸੰਗਤ ਨੂੰ ਵੱਡੀ ਸੁਵਿਧਾ ਮਿਲੇਗੀ ਤੇ ਇਲਾਕੇ ਦੇ ਵਿਕਾਸ ਨੂੰ ਵੀ ਤੇਜ਼ੀ ਮਿਲੇਗੀ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਰਵਨੀਤ ਸਿੰਘ ਬਿੱਟੂ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਮਾਮਲੇ ਦਾ ਗੰਭੀਰ ਅਧਿਐਨ ਕਰਕੇ ਇਸ ਯੋਜਨਾ ਨੂੰ ਅੱਗੇ ਵਧਾਇਆ। ਇਸ ਯੋਜਨਾ ਲਈ ਲਗਭਗ 1100 ਕਰੋੜ ਰੁਪਏ ਦੀ ਰਕਮ ਦਾ ਐਲਾਨ ਵੀ ਕੀਤਾ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਮਹੱਤਵਪੂਰਨ ਰੇਲ ਯੋਜਨਾ ਜਲਦੀ ਹੀ ਜ਼ਮੀਨ ‘ਤੇ ਲਾਗੂ ਹੋਵੇਗੀ ਅਤੇ ਮਾਨਸਾ ਇਲਾਕੇ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹੇਗੀ।