ਸ਼ਹਿਰ ਦੀ ਪੁਰਾਣੀ ਵਾਰਡਬੰਦੀ ਹੋਈ ਬਹਾਲ : ਕੌਂਸਲਰ ਭੋਲਾ
ਸਰਕਾਰ ਵੱਲੋਂ
Publish Date: Fri, 02 Jan 2026 06:40 PM (IST)
Updated Date: Sat, 03 Jan 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰ ਵੱਲੋਂ ਬਾਕੀ ਸ਼ਹਿਰਾਂ ਦੇ ਨਾਲ ਨਾਲ ਮਾਨਸਾ ਸ਼ਹਿਰ ਦੀ ਨਵੀਂ ਵਾਰਡਬੰਦੀ ਕਰਨ ਦੀ ਲਿਆਂਦੀ ਗਈ ਤਜਵੀਜ਼ ਨੂੰ ਲੈ ਕੇ ਮੌਜੂਦਾ ਕੌਂਸਲਰਾਂ, ਆਉਂਦੀਆਂ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕਰਨ ‘ਤੇ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਮੌਜੂਦਾ ਕੌਂਸਲਰ ਤੇ ਭਾਰਤੀ ਜਨਤਾ ਪਾਰਟੀ ਦੇ ਮਾਨਸਾ 2 ਦੇ ਸਰਕਲ ਪ੍ਰਧਾਨ ਪ੍ਰੇਮ ਸਾਗਰ ਭੋਲਾ ਅਨੁਸਾਰ ਨਵੀਂ ਵਾਰਡਬੰਦੀ ਤੇ ਇਤਰਾਜ਼ ਪ੍ਰਗਟ ਕਰਦਿਆਂ ਉਕਤ ਜਥੇਬੰਦੀਆਂ ਅਤੇ ਕੌਂਸਲਰਾਂ ਵੱਲੋਂ ਮਾਣਯੋਗ ਐਸਡੀਐਮ ਮਾਨਸਾ ਰਾਹੀਂ ਸਰਕਾਰ ਨੂੰ ਆਪਣੇ ਇਤਰਾ ਜ਼ਾਹਿਰ ਕਰਕੇ ਮੰਗ ਪੱਤਰ ਦਿੱਤਾ ਗਿਆ ਸੀ। ਇਸ ਸਬੰਧੀ ਮਾਨਸਾ ਹਲਕੇ ਦੇ ਵਿਧਾਇਕ ਨੇ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਤੇ ਪ੍ਰਿੰਸੀਪਲ ਸੈਕਟਰੀ ਸਥਾਨਕ ਸਰਕਾਰ ਨੂੰ ਮਿਲਣ ਉਪਰੰਤ ਸੋਸ਼ਲ ਮੀਡੀਆ ’ਤੇ ਵਿਸ਼ਵਾਸ ਦਿਵਾਇਆ ਕਿ ਨਵੀਂ ਵਾਰਡਬੰਦੀ ਸਬੰਧੀ ਸਰਕਾਰ ਵੱਲੋਂ ਆਪਣਾ ਫ਼ੈਸਲਾ ਵਾਪਸ ਲਿਆ ਗਿਆ ਹੈ ਅਤੇ ਵਾਰਡਬੰਦੀ ਪਹਿਲਾਂ ਵਾਂਗ ਹੀ ਰਹੇਗੀ। ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਇਸ ਨੂੰ ਮਾਨਸਾ ਦੇ ਲੋਕਾਂ ਦੀ ਜਿੱਤ ਕਿਹਾ ਹੈ।