ਬੇਸਹਾਰਾ ਪਸ਼ੂ ਸ਼ਹਿਰ ’ਚ ਮਚਾ ਰਹੇ ਹੁੜਦੰਗ
ਮਾਨਸਾ ਸ਼ਹਿਰ ਵਿੱਚ
Publish Date: Fri, 16 Jan 2026 08:25 PM (IST)
Updated Date: Sat, 17 Jan 2026 04:13 AM (IST)
ਸਟਾਫ੍ਰ਼ ਰਿਪੋਰਟਰ, ਪੰਜਾਬੀ ਜਾਗਰਣ
ਮਾਨਸਾ : ਸਥਾਨਕ ਸ਼ਹਿਰ ’ਚ ਬੇਸਹਾਰਾ ਪਸ਼ੂਆਂ ਵੱਲੋਂ ਲਗਾਤਾਰ ਹੁੜਦੰਗ ਮਚਾਇਆ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸਹਾਰਾ ਪਸ਼ੂਆਂ ਦੀ ਵਾਹਨਾਂ ਜਾਂ ਵਿਅਕਤੀਆਂ ਨਾਲ ਟੱਕਰ ਹੋਣ ਕਾਰਨ ਜਾਂ ਫ਼ਿਰ ਬੇਸਹਾਰਾ ਪਸ਼ੂਆਂ ਦੇ ਸੜਕਾਂ ’ਤੇ ਆਪਸ ਭਿੜਨ ਕਾਰਨ ਕਈਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਜ਼ਖਮੀ ਹੋ ਚੁੱਕੇ ਹਨ। ਭਾਵੇਂ ਕਿ ਸਮੇਂ-ਸਮੇਂ ‘ਤੇ ਲੋਕਾਂ ਵੱਲੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮੰਗ ਕੀਤੀ ਜਾਂਦੀ ਰਹੀ ਹੈ, ਪਰ ਅਜੇ ਤੱਕ ਕੋਈ ਢੁੱਕਵਾਂ ਤੇ ਸਥਾਈ ਹੱਲ ਨਹੀਂ ਨਿਕਲਿਆ। ਨਗਰ ਕੌਂਸਲ ਵੱਲੋਂ ਵੀ ਕਈ ਵਾਰ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਛੱਡਣ ਲਈ ਮੁਹਿੰਮਾਂ ਚਲਾਈਆਂ ਗਈਆਂ, ਪਰ ਇਹ ਮੁਹਿੰਮਾਂ ਅੱਧ ਵਿਚਾਲੇ ਠੱਪ ਹੋ ਕੇ ਰਹਿ ਗਈਆਂ।ਇਸ ਕਾਰਨ ਅੱਜ ਵੀ ਅਵਾਰਾ ਪਸ਼ੂ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿੱਚ ਖੁੱਲ੍ਹੇਆਮ ਘੁੰਮਦੇ ਨਜ਼ਰ ਆ ਰਹੇ ਹਨ। ਰਾਮ ਕੁਮਾਰ ਨੇ ਦੱਸਿਆ ਕਿ ਬੇਸਹਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਜਦੋਂ ਇਹ ਪਸ਼ੂ ਆਪਸ ’ਚ ਭਿੜ ਪੈਂਦੇ ਹਨ ਤਾਂ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਦਹਿਸ਼ਤ ਫ਼ੈਲ ਜਾਂਦੀ ਹੈ। ਉੱਥੇ ਹੀ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਚਲਦੀ ਆ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਗਿਆ। ਬੇਸਹਾਰਾ ਪਸ਼ੂਆਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਲਈ ਇਸ ਸਮੱਸਿਆ ਦਾ ਜਲਦ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।