ਇੱਕੋ ਘਰ ਦੇ ਬੁਝੇ ਦੋ ਚਿਰਾਗ, ਸ਼ਹਿਰਵਾਸੀ ਉਦਾਸ, ਕਾਰ ਡਰਾਈਵਰ ਕਾਬੂ
ਸ਼ਹਿਰ ਮਾਨਸਾ ’ਚ ਰਾਤੀ
Publish Date: Sun, 08 Feb 2026 07:49 PM (IST)
Updated Date: Mon, 09 Feb 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹਿਰ ਮਾਨਸਾ ’ਚ ਰਾਤੀ ਤੇਜ਼ ਰਫ਼ਤਾਰ ਕਾਰ ਨੇ ਇੱਕੋ ਘਰ ਦੇ ਦੋ ਚਿਰਾਗ ਬੁਝਾ ਦਿੱਤੇ। ਇਸ ਕਾਰਨ ਸ਼ਹਿਰ ‘ਚ ਸੋਗ ਦਾ ਮਾਹੌਲ ਛਾ ਗਿਆ ਅਤੇ ਇਸ ਹਾਦਸੇ ਨੇ ਹਰ ਕਿਸੇ ਨੂੰ ਉਦਾਸ ਕਰ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਦੀ ਸ਼ਾਮ ਮਾਨਸਾ ਦੇ ਡੀਸੀ ਦੀ ਰਿਹਾਇਸ਼ ਨੇੜੇ ਵਾਪਰੇ ਕਾਰ ਤੇ ਮੋਟਰਸਾਈਕਲ ‘ਚ ਟੱਕਰ ਦੌਰਾਨ ਦੋ ਸਕੇ ਭਰਾਵਾਂ ਗੁਰਦੀਪ ਸਿੰਘ ਤੇ ਹਰਦੀਪ ਸਿੰਘ ਪੁੱਤਰ ਸਵ: ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਨ੍ਹਾਂ ਨੌਜਵਾਨਾਂ ਦੇ ਪਿਤਾ ਦੀ ਵੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਬੀਤੀ ਕੱਲ੍ਹ ਸੜਕ ਹਾਦਸੇ ਵਿੱਚ ਦੋ ਸਕੇ ਭਰਾ ਵੀ ਚੱਲ ਵੱਸੇ। ਘਰ ਵਿੱਚ ਮਾਂ, ਪਤਨੀ ਅਤੇ ਇੱਕ ਬੱਚਾ ਰਹਿ ਗਿਆ। ਇੱਕ ਨੌਜਵਾਨ ਨੂੰ ਆਉਂਦੇ ਦਿਨਾਂ ’ਚ ਸ਼ਗਨ ਪੈਣਾ ਸੀ। ਪਰ ਰਾਤ ਇਹ ਅਜਿਹੀ ਮਾੜੀ ਘਟਨਾ ਵਾਪਰੀ। ਕੱਲ੍ਹ ਦੇਰ ਸ਼ਾਮ ਜਦ ਉਹ ਹਰਦੀਪ ਅਤੇ ਗੁਰਦੀਪ ਦੋਨੋਂ ਮੋਟਰਸਾਈਕਲ ’ਤੇ ਠੂਠਿਆਂਵਾਲੀ ਰੋਡ ਤੋਂ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ’ਤੇ ਚੜ੍ਹੇ ਤਾਂ ਸਿਰਸਾ ਵਾਲੇ ਪਾਸਿਉਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਦੋਵਾਂ ‘ਚ ਟੱਕਰ ਮਾਰੀ ਜਿਸ ਕਾਰਨ ਉਹ ਦੂਰ ਜਾ ਕੇ ਡਿੱਗੇ। ਉਨ੍ਹਾਂ ਦੀ ਮੌਤ ਹੋ ਗਈ। ਅੱਜ ਵੱਡੀ ਗਿਣਤੀ ਲੋਕਾਂ ਵੱਲੋਂ ਉਨ੍ਹਾਂ ਦਾ ਨਮ ਅੱਖਾਂ ਨਾਲ ਸਸਕਾਰ ਕੀਤਾ। ਮ੍ਰਿਤਕ ਨੌਜਵਾਨਾਂ ਦੇ ਤਾਇਆ ਅਮਰ ਸਿੰਘ ਅਤੇ ਦੋਸਤਾਂ ਨੇ ਤੇਜ਼ ਰਫ਼ਤਾਰ ਕਾਰ ਚਲਾਉਣ ਵਾਲੇ ਕਾਰ ਚਾਲਕ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਤੇਜ਼ ਵਾਹਨ ਚਲਾਉਣ ਵਾਲਿਆਂ ਨੂੰ ਸਖ਼ਤੀ ਨਾਲ ਲਿਆ ਜਾਵੇ। ਇਹ ਤੇਜ਼ ਕਾਰ ਦੇ ਕਾਰਨ ਇੱਕੋ ਘਰ ਦੇ ਅੱਜ ਦੋ ਚਿਰਾਗ ਬੁੱਝ ਗਏ। ਅੱਜ ਸਸਕਾਰ ਮੌਕੇ ਮਾਨਸਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਹਾਦਸੇ ਕਾਰਨ ਪਰਿਵਾਰ ਉਜੜ ਗਿਆ ਹੈ ਅਤੇ ਘਟਨਾ ਨੇ ਪੂਰ੍ਹੀ ਤਰ੍ਹਾਂ ਹਰ ਕਿਸੇ ਦਾ ਦਿਲ ਪਸੀਜ ਕੇ ਰੱਖ ਦਿੱਤਾ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਧਰ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਮ੍ਰਿਤਕਾਂ ਦੇ ਤਾਇਆ ਅਮਰ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਸੁਖਵਿੰਦਰ ਸਿੰਘ ਵਾਸੀ ਅਤਲਾ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।