ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕ ਪਰੇਸ਼ਾਨ
ਮਾਨਸਾ ਸ਼ਹਿਰ ’ਚ ਕਈ
Publish Date: Fri, 16 Jan 2026 07:39 PM (IST)
Updated Date: Sat, 17 Jan 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ’ਚ ਕਈ ਜਗ੍ਹਾ ਰਾਤ ਨੂੰ ਸਟਰੀਟ ਲਾਈਟਾਂ ਦੇ ਖਰਾਬ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਨ੍ਹਾਂ ਲਾਈਟਾਂ ਨੂੰ ਜਲਦ ਠੀਕ ਕਰਵਾਉਣ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਗਰਗ ਨਿਊਜ਼ ਏਜੰਸੀ ਦੇ ਗੋਪਾਲ ਚੰਦ ਨੇ ਦੱਸਿਆ ਕਿ ਦੀਨਾਨਾਥ ਟਾਇਰਾਂ ਵਾਲੀ ਗਲੀ, ਸੇਵਾ ਸਿੰਘ ਠੀਕਰੀਵਾਲਾ ਚੌਕ ਦੇ ਸਾਹਮਣੇ ਸੋਨੂੰ ਸਬਜ਼ੀ ਵਾਲਾ ਨਜ਼ਦੀਕ, ਬਿਜਲੀ ਬੋਰਡ ਦਫ਼ਤਰ ਸਾਹਮਣੇ ਅਤੇ ਸ਼ਹਿਰ ’ਚ ਕਈ ਹੋਰ ਜਗ੍ਹਾ ਲਾਈਟਾਂ ਨਾ ਚੱਲਣ ਦੇ ਕਾਰਨ ਸ਼ਹਿਰ ਦੇ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ। ਗੋਪਾਲ ਚੰਦ ਨੇ ਦੱਸਿਆ ਕਿ ਸਵੇਰ ਵੇਲੇ ਜਦ ਉਹ ਅਖ਼ਬਾਰ ਦੀ ਸਪਲਾਈ ਕਰਨ ਘਰੋ ਘਰੀ ਜਾਂਦੇ ਹਨ ਤਾਂ ਸ਼ਹਿਰ ’ਚ ਕਈ ਜਗ੍ਹਾ ਲਾਈਟਾਂ ਬੰਦ ਹੋਣ ਕਾਰਨ ਉਨ੍ਹਾਂ ਦਾ ਸਾਈਕਲ ਖੱਡਿਆਂ ’ਚ ਵੱਜਣ ਕਾਰਨ ਅਖਬਾਰ ਵੀ ਕਈ ਵਾਰ ਟੋਕਰੀ ’ਚੋਂ ਖਿਲਰ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਵਿਅਕਤੀ ਲਗਾਤਾਰ ਪ੍ਰੇਸ਼ਾਨ ਹੋ ਰਿਹਾ ਹੈ, ਪਰ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ’ਚ ਨਗਰ ਕੌਂਸਲ ਅਧਿਕਾਰੀ ਸਰਵੇਖਣ ਕਰਨ ਅਤੇ ਜਿਹੜੀਆਂ ਵੀ ਲਾਈਟਾਂ ਬੰਦ ਪਈਆਂ ਹਨ, ਉਨ੍ਹਾਂ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਮਾਨਸਾ ਸ਼ਹਿਰ ਦੇ ਬਸ਼ਿੰਦੇ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਣ।