ਬੱਚੇ ਖੋਹ ਕੇ ਫ਼ਰਾਰ ਹੋਣ ਵਾਲਿਆਂ ’ਚੋਂ ਚਾਰ ਕਾਬੂ
ਪਿੰਡ ਝੇਰਿਆਂਵਾਲੀ ’ਚ
Publish Date: Sun, 15 Mar 2026 07:49 PM (IST)
Updated Date: Mon, 16 Mar 2026 04:16 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਿੰਡ ਝੇਰਿਆਂਵਾਲੀ ’ਚ ਮੂੰਹ ਬੰਨ੍ਹ ਹਥਿਆਰਾਂ ਦੀ ਨੋਕ ’ਤੇ ਮਜ਼ਦੂਰ ਦੇ ਘਰ ਦਾਖਲ ਹੋ ਤਿੰਨ ਮਹੀਨਿਆਂ ਦਾ ਬੱਚਾ ਖੋਹ ਕੇ ਫ਼ਰਾਰ ਹੋਣ ਵਾਲੇ ਇਕ ਔਰਤ ਸਮੇਤ ਚਾਰ ਨੂੰ ਜੌੜਕੀਆਂ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦੋਂਕਿ ਇਕ ਫ਼ਰਾਰ ਮੁਲਜ਼ਮ ਦੀ ਪੁਲਿਸ ਭਾਲ ਕਰ ਰਹੀ ਹੈ। ਪਿੰਡ ਝੇਰਿਆਂਵਾਲੀ ਦੇ ਮਜ਼ਦੂਰ ਬੀਰਬਲ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੇ ਮਾਨਸਾ ਦੇ ਇਕ ਨਿੱਜੀ ਹਸਪਤਾਲ ‘ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਇੰਨ੍ਹਾਂ ਬੱਚਿਆਂ ਦਾ ਨਾਂ ਉਨ੍ਹਾਂ ਨੇ ਫ਼ਤਿਹਵੀਰ ਸਿੰਘ ਤੇ ਜੁਝਾਰ ਸਿੰਘ ਰੱਖਿਆ। 13 ਫ਼ਰਵਰੀ ਦੀ ਸਵੇਰ ਕਾਰ ਸਵਾਰ ਮੂੰਹ ਬੰਨ੍ਹ ਕੇ ਕੁਝ ਵਿਅਕਤੀ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਦਾਖ਼ਲ ਹੋਏ। ਉਨ੍ਹਾਂ ਦਾ ਤਿੰਨ ਮਹੀਨਿਆਂ ਦਾ ਗੋਦੀ ਵਾਲੇ ਬੱਚੇ ਜੁਝਾਰ ਸਿੰਘ ਨੂੰ ਖੋਹ ਕੇ ਫ਼ਰਾਰ ਹੋ ਗਏ। ਹਥਿਆਰਾਂ ਸਮੇਤ ਘਰ ’ਚ ਦਾਖਲ ਹੋਏ ਲੁਟੇਰਿਆਂ ਅੱਗੇ ਉਨ੍ਹਾਂ ਦੀ ਕੋਈ ਵਾਹ ਨਾ ਚੱਲੀ ਅਤੇ ਬਾਅਦ ਵਿੱਚ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਕੋਲ ਬੱਚੇ ਦੀ ਭਾਲ ਕਰਕੇ ਲੁਟੇਰਿਆਂ ’ਤੇ ਕਾਰਵਾਈ ਕਰਨ ਦੀ ਗੁਹਾਰ ਲਗਾਈ। ਉਧਰ ਪੁਲਿਸ ਵੱਲੋਂ ਇਸ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ। ਥਾਣਾ ਜੌੜਕੀਆਂ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕੀਤੇ ਜਾਣ ਬਾਅਦ ਅਣਪਛਾਤਿਆਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਪਰ ਹੁਣ ਕਿਰਨਜੀਤ ਕੌਰ ਪਤਨੀ ਕਮਲਜੀਤ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਮਾਨਸਾ, ਵਿਕਰਮ ਕੁਮਾਰ ਵਾਸੀ ਵਾਰਡ-6, ਗਲੀ ਨੰਬਰ. 7 ਖੀਵਾ ਸਟਰੀਟ ਮਾਨਸਾ, ਚਿੜੀਆ ਸਿੰਘ ਵਾਸੀ ਗਹਿਰੀ ਬਾਰਾ ਸਿੰਘਾ, ਗੋਬਿੰਦ ਸਿੰਘ ਵਾਸੀ ਭੈਣੀ ਬਾਘਾ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬੱਚਾ ਬਰਾਮਦ ਕਰ ਲਿਆ ਗਿਆ ਹੈ। ਗੱਡੀ ਕਬਜ਼ੇ ’ਚ ਲੈ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜ ਸਿੰਘ ਮਿਸਤਰੀ ਵਾਸੀ ਦਾਨੇਵਾਲਾ ਹਾਲ ਮਾਨਸਾ ਨੂੰ ਕਾਬੂ ਕਰਨ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।