- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਵਿੱਚ ਲੋਕਾਂ ਨੂੰ ਜਾਗਰੂਕ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਮਾਜ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਤੇ ਕਾਨੂੰਨ ਦੀ ਜਾਣਕਾਰੀ ਦੇਣ ਹਿੱਤ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਦੇ ਹੋਏ ਡਾ. ਸੰਦੀਪ ਘੰਡ ਐਡਵੋਕੇਟ ਵੱਲੋਂ ਕੋਰਟ ਰੋਡ ਮਾਨਸਾ ਵਿੱਖੇ ਆਪਣਾ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ। ਇਸ ਦਾ ਉਦਘਾਟਨ ਖਾਲਸਾ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮੱਘਰ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਸੰਦੀਪ ਘੰਡ ਸਮਾਜ ਸੇਵਾ ਦੇ ਖੇਤਰ ਵਿੱਚ ਵੱਖਰੀ ਪਛਾਣ ਰੱਖਦੇ ਹਨ ਤੇ ਉਨ੍ਹਾਂ ਨੇ ਲਗਾਤਾਰ ਪਿਛਲੇ 35 ਸਾਲ ਸਮਾਜ ਸੇਵਾ ਖੇਤਰ ਦੇ ਲੇਖੇ ਲਾਏ ਹਨ ਅਤੇ ਹੁਣ ਵਕੀਲ ਬਣਨ ਬਾਅਦ ਉਨ੍ਹਾਂ ਦਾ ਟੀਚਾ ਲੋਕਾਂ ਨੂੰ ਕਾਨੂੰਨ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਸਮਾਜ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਲੋਕਾਂ ਦੇ ਰੂਬਰੂ ਕਰਨਾ ਹੈ। ਡਾ. ਸੰਦੀਪ ਘੰਡ ਨੇ ਦੱਸਿਆ ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਜਾਣਕਾਰੀ ਦਾ ਵੱਡਾ ਤੇ ਅਹਿਮ ਸੋਮਾ ਹੈ ਇਸ ਲਈ ਪੋਡਕਾਸਟ ਰਾਹੀ ਲੋਕਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਸ਼ਹਿਰ ਦੀਆਂ ਵੱਖ–ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ, ਵਕੀਲ ਭਾਈਚਾਰੇ ਦੇ ਮੈਂਬਰਾਂ ਤੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਨੇ ਵੀ ਹਾਜ਼ਰੀ ਭਰੀ ਤੇ ਡਾ. ਸੰਦੀਪ ਘੰਢ ਐਡਵੋਕੇਟ ਨੂੰ ਨਵੀਂ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ। ਡਾ. ਸੰਦੀਪ ਘੰਢ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਆਮ ਲੋਕਾਂ ਨੂੰ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਨ ਲਈ ਮੁਫ਼ਤ ਲੀਗਲ ਗਾਈਡੈਂਸ ਕੈਂਪ, ਲੀਗਲ ਅਵੇਅਰਨੈੱਸ ਪ੍ਰੋਗਰਾਮ ਅਤੇ ਮਾਨਸਿਕ ਤਣਾਅ ਸੰਬੰਧੀ ਕੌਂਸਲਿੰਗ ਸੈਸ਼ਨ ਵੀ ਸਮੇਂ–ਸਮੇਂ ’ਤੇ ਕਰਵਾਉਣਗੇ। ਕਈ ਵਾਰ ਲੋਕ ਕਾਨੂੰਨ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਆਪਣਾ ਨੁਕਸਾਨ ਕਰ ਬੈਠਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪੋਡਕਾਸਟ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕਾਨੂੰਨੀ ਜਾਗਰੂਕਤਾ, ਮਾਨਸਿਕ ਸਿਹਤ ਤੇ ਸਮਾਜਿਕ ਮੁੱਦਿਆਂ ’ਤੇ ਲਗਾਤਾਰ ਜਾਣਕਾਰੀ ਸਾਂਝੀ ਕਰਦੇ ਰਹਿਣਗੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗਦਰਸ਼ਨ ਮਿਲ ਸਕੇ। ਇਸ ਮੌਕੇ ਹਰਜੀਤ ਸਿੰਘ ਸੀਨੀਅਰ ਐਡਵੋਕੇਟ ਸਾਧੂਵਾਲਾ, ਲਖਵਿੰਦਰ ਸਿੰਘ ਲਖਨਪਾਲ ਐਡਵੋਕੇਟ, ਹਰਪ੍ਰੀਤ ਸਿੰਘ ਐਡਵੋਕੇਟ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਸ਼ਵਨੀ ਕੁਮਾਰ ਜੋਗਾ, ਨਰੇਸ਼ ਕੁਮਾਰ ਗਰਗ ਐਡਵੋਕੇਟ, ਪੱਤਰਕਾਰ ਜੋਗਿੰਦਰ ਸਿੰਘ ਮਾਨ, ਹਰਦੀਪ ਸਿੱਧੂ ਪ੍ਰਧਾਨ ਸਿੱਖਿਆ ਤੇ ਕਲਾ ਮੰਚ ਪੰਜਾਬ, ਹਰਿੰਦਰ ਸਿੰਘ ਮਾਨਸ਼ਾਹੀਆ ਪ੍ਰਧਾਨ ਸਭਿਆਚਾਰ ਚੇਤਨਾ ਮੰਚ ਮਾਨਸਾ, ਜਗਸੀਰ ਸਿੰਘ ਢਿਲੋਂ ਵਾਇਸ ਆਫ ਮਾਨਸਾ, ਉਮ ਪ੍ਰਕਾਸ਼ ਮਿੱਢਾ ਸਾਬਕਾ ਪ੍ਰਿੰਸੀਪਲ ਸਿੱਖਿਆ ਵਿਭਾਗ,ਜੁਗਰਾਜ ਸਿੰਘ ,ਪ੍ਰਿੰਸੀਪਲ ਹੰਸ ਰਾਜ ਦਸ਼ਮੇਸ਼ ਸਕੂਲ ਮਾਨਸਾ, ਰਮੇਸ਼ ਖਿਆਲਾਕਲਾਂ, ਗੁਰਪਰੀਤ ਸਿੰਘ, ਜੋਨੀ ਗਰਗ ਹਾਜ਼ਰ ਸਨ। ਸਾਂਈ ਪੋਡਕਾਸਟ ਸਟੂਡੀਓ ਦੇ ਮੈਨੇਜਰ ਗੁਰਵਿੰਦਰ ਸਿੰਘ ਨੇ ਉਦਘਾਟਨ ਸਮਾਗਮ ਵਿੱਚ ਪਹੁੰਚੇ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।