ਮਨਪ੍ਰੀਤ ਕੌਰ ਨੂੰ ਅਪੈਕਸ ਕਲੱਬ ਨੇ ਕੀਤਾ ਸਨਮਾਨਿਤ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਾਨਸਾ
Publish Date: Sun, 08 Mar 2026 05:22 PM (IST)
Updated Date: Mon, 09 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੀ ਮਨਪ੍ਰੀਤ ਕੌਰ ਨੂੰ ਅਪੈਕਸ ਕਲੱਬ ਮਾਨਸਾ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਮਨਪ੍ਰੀਤ ਕੌਰ ਜੋ ਕਿ ਧਲੇਵਾਂ ਪਿੰਡ ਦੇ ਸਧਾਰਨ ਕਿਸਾਨੀ ਪਰਿਵਾਰ ਦੀ ਬੇਟੀ ਹੈ। ਯੂਪੀਐੱਸਸੀ ਦੀ ਵੱਕਾਰੀ ਪ੍ਰੀਖਿਆ ਪਾਸ ਕਰਦਿਆਂ 136ਵਾਂ ਰੈਂਕ ਹਾਸਲ ਕੀਤਾ ਹੈ। ਇਸ ਮੌਕੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਕਿਹਾ ਕਿ ਚੰਗੇ ਵਿਦਿਅਕ ਅਦਾਰਿਆਂ ਤੋਂ ਸੱਖਣੇ ਮਾਨਸਾ ਜ਼ਿਲ੍ਹੇ ਦੀ ਇਸ ਬੇਟੀ ਨੇ ਪ੍ਰੀਖਿਆ ਪਾਸ ਕਰਕੇ ਪਿੰਡ ਧਲੇਵਾਂ ਸਮੇਤ ਮਾਨਸਾ ਜ਼ਿਲ੍ਹੇ ਦਾ ਨਾਮ ਦੇਸ਼ ਦੇ ਨਕਸ਼ੇ ਤੇ ਲਿਆਂਦਾ ਹੈ। ਅਪੈਕਸ ਕਲੱਬ ਮਾਨਸਾ ਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦਾ ਹੈ। ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜ਼ਿੰਦਲ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਧਲੇਵਾਂ ਵਰਗੇ ਪਿੰਡ ਜਿੱਥੇ ਪੂਰੀ ਤਰ੍ਹਾਂ ਨਾਲ ਨੈਟਵਰਕ ਵੀ ਨਹੀਂ ਹੈ। ਅਜਿਹੇ ਪਿੰਡਾਂ ਦੇ ਬੱਚਿਆਂ ਦਾ ਮੁਕਾਮ ਹਾਸਲ ਕਰਨਾ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਪ੍ਰਤੱਖ ਪ੍ਰਮਾਣ ਹੈ। ਅਜਿਹੇ ਬੱਚਿਆਂ ਤੋਂ ਪੰਜਾਬ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ। ਮਨਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਾਤਾ, ਪਿਤਾ ਤੇ ਸਨੇਹੀਆਂ ਦੇ ਸਹਿਯੋਗ ਸਦਕਾ ਹੀ ਉਹ ਸਫ਼ਲ ਹੋਏ ਹਨ। ਉਨ੍ਹਾਂ ਨੇ ਬਚਪਨ ਤੋਂ ਹੀ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਆਈਪੀਐਸ ਅਧਿਕਾਰੀ ਵਜੋਂ ਸੇਵਾਵਾਂ ਦੇ ਕੇ ਦੇਸ਼ ਵਿਚੋਂ ਅਪਰਾਧ ਖ਼ਤਮ ਕਰਨ ਦਾ ਟੀਚਾ ਮਿੱਥਿਆ ਹੋਇਆ ਸੀ ਅਤੇ ਅੱਜ ਉਹ ਇਹ ਪ੍ਰੀਖਿਆ ਪਾਸ ਕਰਕੇ ਇਸ ਮਕਸਦ ਵਿੱਚ ਕਾਮਯਾਬ ਹੋਣ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਦਯੋਗਪਤੀ ਸ਼ਾਮ ਲਾਲ ਧਲੇਵਾਂ, ਧੀਰਜ ਬਾਂਸਲ, ਭੁਪੇਸ਼ ਜਿੰਦਲ, ਰਾਧੇ ਸ਼ਿਆਮ, ਅਨਿਲ ਗਰਗ, ਅਸ਼ਵਨੀ ਜਿੰਦਲ, ਸੰਜੀਵ ਪਿੰਕਾ, ਕਮਲ ਗਰਗ, ਸੰਭਵ ਜੈਨ, ਸਰਪੰਚ ਸੁਖਵਿੰਦਰ ਸਿੰਘ ਸਮੇਤ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।