ਮਨਪ੍ਰੀਤ ਕੌਰ ਨੇ 136ਵਾਂ ਰੈਂਕ ਹਾਸਲ ਕਰ ਕੇ ਪਿੰਡ ਤੇ ਜ਼ਿਲ੍ਹੇ ਦਾ ਨਾਂ ਚਮਕਾਇਆ
ਮਾਨਸਾ ਜ਼ਿਲ੍ਹੇ ਤੇ ਪਿੰਡ ਧਲੇਵਾਂ ਲਈ ਅੱਜ
Publish Date: Tue, 10 Mar 2026 07:00 PM (IST)
Updated Date: Wed, 11 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਤੇ ਪਿੰਡ ਧਲੇਵਾਂ ਲਈ ਅੱਜ ਬਹੁਤ ਹੀ ਮਾਣ ਵਾਲਾ ਮੌਕਾ ਹੈ। ਪਿੰਡ ਦੀ ਹੋਣਹਾਰ ਧੀ ਮਨਪ੍ਰੀਤ ਕੌਰ ਨੇ ਯੂਪੀਐਸਸੀ ਪ੍ਰੀਖਿਆ ’ਚ 136ਵਾਂ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ, ਪਿੰਡ ਧਲੇਵਾਂ ਅਤੇ ਸਾਰੇ ਜ਼ਿਲ੍ਹਾ ਮਾਨਸਾ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਇਸ ਮੌਕੇ ਗੁਰਪ੍ਰੀਤ ਸਿੰਘ ਵਿੱਕੀ ਵੱਲੋਂ ਮਨਪ੍ਰੀਤ ਦੇ ਘਰ ਪਿੰਡ ਧਲੇਵਾਂ ਵਿਖੇ ਪਹੁੰਚ ਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਮਿਹਨਤ, ਲਗਨ ਅਤੇ ਦ੍ਰਿੜ ਨਿਸ਼ਚੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਿੰਡਾਂ ਦੇ ਬੱਚੇ ਵੀ ਵੱਡੇ ਸੁਪਨੇ ਦੇਖ ਕੇ ਉਨ੍ਹਾਂ ਨੂੰ ਸਾਕਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਇਹ ਕਾਮਯਾਬੀ ਖਾਸ ਕਰਕੇ ਪਿੰਡਾਂ ਦੀਆਂ ਧੀਆਂ ਲਈ ਵੱਡੀ ਪ੍ਰੇਰਣਾ ਬਣੇਗੀ। ਇਸ ਦੌਰਾਨ ਅਮ੍ਰਿਤਾ ਵੜਿੰਗ ਪਤਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਡੀਓ ਕਾਲ ਰਾਹੀਂ ਮਨਪ੍ਰੀਤ ਨਾਲ ਗੱਲਬਾਤ ਕੀਤੀ ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਜਿੱਥੇ ਸਿੱਖਿਆ ਪ੍ਰਾਪਤ ਕਰਨਾ ਕਈ ਵਾਰ ਮਹਿੰਗਾ ਅਤੇ ਮੁਸ਼ਕਲ ਹੁੰਦਾ ਹੈ, ਉੱਥੇ ਤੋਂ ਯੂਪੀਐੱਸਸੀ ਵਰਗੀ ਕਠਿਨ ਪ੍ਰੀਖਿਆ ਵਿਚ ਇੰਨਾ ਵੱਡਾ ਮੁਕਾਮ ਹਾਸਲ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਮਨਪ੍ਰੀਤ ਦੇ ਮਾਪਿਆਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਆਪਣੀ ਧੀ ਨੂੰ ਸਿੱਖਿਆ ਦੇਣ ਲਈ ਬਹੁਤ ਮਿਹਨਤ ਅਤੇ ਤਿਆਗ ਕੀਤਾ। ਮਨਪ੍ਰੀਤ ਦੀ ਇਹ ਉਪਲਬਧੀ ਪਿੰਡ ਧਲੇਵਾ ਅਤੇ ਸਾਰੇ ਜ਼ਿਲ੍ਹਾ ਮਾਨਸਾ ਲਈ ਮਾਣ ਦਾ ਵਿਸ਼ਾ ਬਣ ਗਈ ਹੈ ਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।ਇਸ ਮੌਕੇ ਰਵਿੰਦਰ ਬਾਵਾ, ਚਮਕੌਰ ਸਿੰਘ ਧਲੇਵਾਂ, ਸੁਖਦੇਵ ਸਿੰਘ, ਸੁਖਵੰਤ ਸਿੰਘ, ਜਗਤਾਰ ਸਿੰਘ ਸਮਾਓ ਤੇ ਹੋਰ ਪਿੰਡ ਵਾਸੀ ਮੌਜੂਦ ਸਨ।