- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ਪ੍ਰਿੰਸੀਪਲ ਸਵਿਤਾ ਕਾਠ ਜੀ ਦੀ ਰਹਿਨੁਮਾਈ ਹੇਠ ਅਤੇ ਐਨਐਸਐਸ ਵਿਭਾਗ ਦੀ ਅਗਵਾਈ ਸਦਕਾ ਚੱਲ ਰਹੇ ਸੱਤ ਦਿਨਾ ਐੱਨਐੱਸਐੱਸ ਕੈਂਪ ਦੌਰਾਨ ਪਿੰਡ ਰੱਲਾ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਰੈਲੀ ਕਰਵਾਈ। ਕੈਂਪ ਦੇ ਪਹਿਲੇ ਸੈਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਉਨ੍ਹਾਂ ਦੇ ਇਨਕਲਾਬੀ ਵਿਚਾਰਾਂ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਅਤੇ ਬਾਲ ਵਿਕਾਸ ਵਿਭਾਗ ਮਾਨਸਾ ਤੋਂ ਰਾਜਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸਟੇਟ ਐਵਾਰਡੀ ਮਨੋਜ ਕੁਮਾਰ ਨੇ ਸ਼ਹੀਦ ਭਗਤ ਸਿੰਘ ਜੀ ਦੀ ਮਹਾਨ ਸ਼ਹੀਦੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਸਿਰਫ਼ ਭਾਰਤ ਦੀ ਆਜ਼ਾਦੀ ਲਈ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਸੱਚ, ਨਿਆਂ ਅਤੇ ਦੇਸ਼ ਭਗਤੀ ਦੇ ਰਸਤੇ ’ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਅੱਜ ਦੇ ਯੁੱਗ ’ਚ ਨੌਜਵਾਨਾਂ ਨੂੰ ਭਗਤ ਸਿੰਘ ਜੀ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ’ਚ ਅਪਣਾਉਣ ਦੀ ਲੋੜ ਹੈ। ਇਸੇ ਤਰ੍ਹਾਂ ਬਾਲ ਵਿਕਾਸ ਵਿਭਾਗ ਤੋਂ ਰਾਜਿੰਦਰ ਵਰਮਾ ਨੇ ਆਪਣੇ ਸੰਬੋਧਨ ਵਿੱਚ ਸਮਾਜ ਸੇਵਾ, ਨੈਤਿਕ ਮੁੱਲਾਂ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਚੰਗੇ ਵਿਵਹਾਰ ਤੇ ਸੇਵਾ ਭਾਵਨਾ ਨੂੰ ਵੀ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਕੈਂਪ ਦੇ ਦੂਜੇ ਸੈਸ਼ਨ ਦੌਰਾਨ ਪ੍ਰੋਗਰਾਮ ਅਫ਼ਸਰ ਸੰਦੀਪ ਕੌਰ ਅਤੇ ਮੇਰਾ ਯੁਵਾ ਕੇਂਦਰ ਮਾਨਸਾ ਦੀ ਟੀਮ ਦੀ ਅਗਵਾਈ ਹੇਠ ਪਿੰਡ ਰੱਲਾ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਇਨਕਲਾਬੀ ਨਾਅਰੇ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਦਿਆਰਥੀਆਂ ਨੇ ਸਮਾਜ ਨੂੰ ਜਾਗਰੂਕ ਕਰਨ ਲਈ ਦੇਸ਼ਭਗਤੀ ਅਤੇ ਸਮਾਜਿਕ ਸੁਧਾਰ ਨਾਲ ਸੰਬੰਧਿਤ ਸੁਨੇਹੇ ਵੀ ਦਿੱਤੇ। ਪ੍ਰਿੰਸੀਪਲ ਸਵਿਤਾ ਕਾਠ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਨ.ਐਸ.ਐਸ ਕੈਂਪ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ’ਚ ਸਰਗਰਮ ਹਿੱਸਾ ਲੈ ਕੇ ਆਪਣੀ ਵਿਅਕਤੀਗਤਤਾ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਤੇ ਆਫਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।